Punjab ਦਾ ਨੌਜਵਾਨ ਬਿਲਾਸਪੁਰ ਵਿਚ 122 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ, ਵੱਖਰੇ ਮਾਮਲੇ ’ਚ 2 ਹੋਰ ਕਾਬੂ
ਤਿੰਨਾਂ ਨੂੰ ਕੁੱਲ 232 ਗ੍ਰਾਮ ਚਿੱਟੇ (ਹੈਰੋਇਨ) ਸਮੇਤ ਗ੍ਰਿਫ਼ਤਾਰ ਕੀਤਾ ਗਿਆ
Punjab youth Arrested: ਪੁਲੀਸ ਨੇ ਇੱਥੇ ਇੱਕ ਵੱਡੀ ਸਫ਼ਲਤਾ ਤਹਿਤ ਬਿਲਾਸਪੁਰ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਜਾਬ ਦੇ ਇੱਕ ਵਿਅਕਤੀ ਸਮੇਤ ਤਿੰਨ ਨੂੰ 232 ਗ੍ਰਾਮ ਚਿੱਟੇ (ਹੈਰੋਇਨ) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਹਿਲੇ ਮਾਮਲੇ ਵਿੱਚ ਪੁਲੀਸ ਨੇ ਬਿਲਾਸਪੁਰ ਦੀ ਘੁਮਾਰਵੀਂ ਤਹਿਸੀਲ ਦੇ ਮਲਿਆਵੜ ਪਿੰਡ ਨੇੜੇ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਰਹਿਣ ਵਾਲੇ ਰੁਬੇਲ (30) ਨਾਮਕ ਇੱਕ ਵਿਅਕਤੀ ਨੂੰ 122 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁਲੀਸ ਅਨੁਸਾਰ ਟੀਮ ਰੁਟੀਨ ਚੈਕਿੰਗ ’ਤੇ ਸੀ, ਜਿਸ ਦੌਰਾਨ ਇੱਕ ਬੱਸ ਨੂੰ ਰੋਕਿਆ ਗਿਆ ਅਤੇ ਚੈਕਿੰਗ ਦੌਰਾਨ ਪੁਲੀਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਜਿਸ ਤੋਂ ਬਾਅਦ ਉਸਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਦੂਜੇ ਮਾਮਲੇ ਵਿੱਚ ਪੁਲੀਸ ਨੇ ਮੰਡੀ ਦੀ ਸੁੰਦਰਨਗਰ ਤਹਿਸੀਲ ਦੇ ਦੇਹਰ ਪਿੰਡ ਦੇ ਰਹਿਣ ਵਾਲੇ ਵਿਕਾਸ (27) ਅਤੇ ਨੀਰਜ ਕੁਮਾਰ (30) ਨਾਮਕ ਦੋ ਵਿਅਕਤੀਆਂ ਨੂੰ ਘੁਮਾਰਵੀਂ ਦੇ ਮੰਦਰੀਘਾਟ ਪਿੰਡ ਨੇੜੇ 110 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ। ਦੋਵੇਂ ਦੋਸ਼ੀ ਇੱਕ ਬੱਸ ਵਿੱਚ ਸਫ਼ਰ ਕਰ ਰਹੇ ਸਨ ਜਿਸਨੂੰ ਪੁਲੀਸ ਨੇ ਚੈਕਿੰਗ ਲਈ ਰੋਕਿਆ ਸੀ। ਚੈਕਿੰਗ ਦੌਰਾਨ ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਅਤੇ ਨਸ਼ੀਲੇ ਪਦਾਰਥ ਨੂੰ ਜ਼ਬਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ।
ਬਿਲਾਸਪੁਰ ਦੇ ਸੁਪਰਡੈਂਟ ਆਫ਼ ਪੁਲੀਸ (ਐੱਸ.ਪੀ.) ਅਭਿਸ਼ੇਕ ਧੀਮਾਨ ਨੇ ਰਿਪੋਰਟ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (NDPS) ਐਕਟ, 1985 ਤਹਿਤ ਮਾਮਲੇ ਦਰਜ ਕਰ ਲਏ ਗਏ ਹਨ ਅਤੇ ਅੱਗੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਨ੍ਹਾਂ ਨੈੱਟਵਰਕਾਂ ਵਿੱਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਪਿਛਲੇ ਅਤੇ ਅੱਗੇ ਦੇ ਸਬੰਧਾਂ (ਬੈਕਵਰਡ ਅਤੇ ਫਾਰਵਰਡ ਲਿੰਕੇਜ) ਦਾ ਵੀ ਪਤਾ ਲਗਾ ਰਹੀ ਹੈ।

