DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਕੂਲ ਸਿੱਖਿਆ ਬੋਰਡ: ਦਸਵੀਂ ’ਚ ਤਿੰਨ ਵਿਦਿਆਰਥਣਾਂ ਨੇ ਇਤਿਹਾਸ ਸਿਰਜਿਆ

ਫ਼ਰੀਦਕੋਟ ਦੀ ਅਕਸ਼ਨੂਰ ਕੌਰ ਅੱਵਲ; ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਨੂੰ ਦੂਜਾ ਅਤੇ ਮਾਲੇਰਕੋਟਲਾ ਦੀ ਅਰਸ਼ਦੀਪ ਨੂੰ ਤੀਜਾ ਸਥਾਨ
  • fb
  • twitter
  • whatsapp
  • whatsapp
featured-img featured-img
ਬੋਰਡ ਦੇ ਚੇਅਰਮੈਨ ਅਮਰਪਾਲ ਿਸੰਘ ਨਤੀਜਾ ਐਲਾਨਦੇ ਹੋਏ।
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 16 ਮਈ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਅੱਜ ਐਲਾਨੇ ਗਏ ਨਤੀਜੇ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ। ਤਿੰਨ ਵਿਦਿਆਰਥਣਾਂ ਨੇ 100 ਫ਼ੀਸਦੀ ਬਰਾਬਰ ਅੰਕ ਲੈ ਕੇ ਇਤਿਹਾਸ ਸਿਰਜਿਆ ਹੈ। ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫ਼ਰੀਦਕੋਟ) ਦੀ ਵਿਦਿਆਰਥਣ ਅਕਸ਼ਨੂਰ ਨੇ (650/650) 100 ਫ਼ੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬਾਬਾ ਫਰੀਦ ਪਬਲਿਕ ਛੱਤਿਆਣਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਸ੍ਰੀ ਮੁਕਤਸਰ ਸਾਹਿਬ) ਦੀ ਰਤਿੰਦਰਦੀਪ ਕੌਰ ਨੇ (650/650) 100 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਰਾਮ ਸਰੂਪ ਮੈਮੋਰੀਅਲ ਸੈਕੰਡਰੀ ਸਕੂਲ ਚੌਂਦਾ (ਮਾਲੇਰਕੋਟਲਾ) ਦੀ ਅਰਸ਼ਦੀਪ ਕੌਰ ਨੇ (650/650) 100 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਤਿੰਨੋਂ ਵਿਦਿਆਰਥਣਾਂ ਦੇ ਬਰਾਬਰ ਅੰਕ ਹੋਣ ਕਾਰਨ ਉਮਰ ਹੱਦ ਨੂੰ ਆਧਾਰ ਬਣਾ ਕੇ ਨਤੀਜਾ ਐਲਾਨਿਆ ਗਿਆ ਹੈ। ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੀ ਹੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਗਿੱਲ ਪੁੱਤਰੀ ਜਸਵਿੰਦਰ ਸਿੰਘ ਨੇ ਵੀ (650/650)100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਪੰਜਾਬ ਦੀ ਮੈਰਿਟ ਵਿੱਚ ਉਸ ਦਾ ਚੌਥਾ ਸਥਾਨ ਬਣਦਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਨਤੀਜਾ ਐਲਾਨਦਿਆਂ ਦੱਸਿਆ ਕਿ 300 ਵਿਦਿਆਰਥੀ ਮੈਰਿਟ ਸੂਚੀ ’ਚ ਆਏ ਹਨ ਜਿਨ੍ਹਾਂ ’ਚੋਂ 256 ਲੜਕੀਆਂ ਨੇ ਮੱਲ੍ਹਾਂ ਮਾਰੀਆਂ ਹਨ ਜਦੋਂਕਿ ਮੁੰਡੇ ਇਸ ਵਾਰ ਵੀ ਫਾਡੀ ਰਹਿ ਗਏ। ਸਰਕਾਰੀ ਹਾਈ ਸਕੂਲ ਰਾਜੋਮਾਜਰਾ (ਬਨੂੜ) ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ 650 ’ਚੋਂ 620 ਅੰਕ (96.62 ਫ਼ੀਸਦੀ) ਲੈ ਕੇ ਮੁਹਾਲੀ ਦੀ ਲਾਜ ਰੱਖੀ। ਉਸ ਤੋਂ ਬਿਨਾਂ ਮੁਹਾਲੀ ਜ਼ਿਲ੍ਹੇ ਦੇ ਕਿਸੇ ਵੀ ਸਕੂਲ ਦਾ ਕੋਈ ਵੀ ਵਿਦਿਆਰਥੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾ ਸਕਿਆ ਹੈ। ਨਤੀਜੇ ਐਲਾਨਣ ਸਮੇਂ ਸਕੱਤਰ ਅਮਨਿੰਦਰ ਕੌਰ ਬਰਾੜ ਅਤੇ ਕੰਟਰੋਲਰ (ਪ੍ਰੀਖਿਆਵਾਂ) ਲਵਿਸ਼ ਚਾਵਲਾ ਵੀ ਮੌਜੂਦ ਸਨ। ਇਸ ਸਾਲ ਕੁੱਲ ਰੈਗੂਲਰ 2,77,746 ਅਤੇ ਓਪਨ ਸਕੂਲਾਂ ਦੇ 9,233 ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਇਨ੍ਹਾਂ ਵਿੱਚ ਰੈਗੂਲਰ ਬੱਚਿਆਂ ਦੀ ਪਾਸ ਪ੍ਰਤੀਸ਼ਤਤਾ 95.61 ਫ਼ੀਸਦੀ ਅਤੇ ਓਪਨ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 73.39 ਫ਼ੀਸਦੀ ਰਹੀ। ਇਸ ਵਾਰ ਪੇਂਡੂ ਸਕੂਲਾਂ ਨੇ ਸ਼ਹਿਰੀ ਸਕੂਲਾਂ ਨੂੰ ਪਛਾੜ ਕੇ ਰੱਖ ਦਿੱਤਾ। ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 96.09 ਫ਼ੀਸਦੀ ਅਤੇ ਸ਼ਹਿਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 94.71 ਫ਼ੀਸਦੀ ਹੈ। ਇੰਝ ਹੀ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 96.85 ਫ਼ੀਸਦੀ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 94.50 ਫ਼ੀਸਦੀ ਹੈ।

ਬੋਰਡ ਚੇਅਰਮੈਨ ਨੇ ਮੀਡੀਆ ਨਾਲ ਨਹੀਂ ਕੀਤੀ ਗੱਲਬਾਤ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦਸਵੀਂ ਦਾ ਨਤੀਜਾ ਐਲਾਨ ਕਰਨ ਮਗਰੋਂ ਤੁਰੰਤ ਹੀ ਮੌਕੇ ਤੋਂ ਉੱਠ ਕੇ ਚਲੇ ਗਏ ਅਤੇ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਚੇਅਰਮੈਨ ਨੇ ਸਿਰਫ਼ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਨਾਮ ਹੀ ਦੱਸੇ ਅਤੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਬਾਰੇ ਦੋ ਟੁੱਕ ਗੱਲ ਕਰਕੇ ਚਲਦੇ ਬਣੇ। ਇਸ ਦਾ ਮੀਡੀਆ ਕਰਮੀਆਂ ਨੇ ਕਾਫ਼ੀ ਬੁਰਾ ਮਨਾਇਆ ਹੈ। ਹਾਲਾਂਕਿ ਸਿੱਖਿਆ ਬੋਰਡ ਵੱਲੋਂ ਇਸ ਸਾਲ ਤੋਂ ਸ਼ੁਰੂ ਕੀਤੀ ਨਵੀਂ ਪ੍ਰਥਾ ਬਾਰੇ ਮੀਡੀਆ ਨੇ ਗੱਲ ਕਰਨੀ ਚਾਹੀ ਪਰ ਬੋਰਡ ਮੁਖੀ ਇਸ ਨੂੰ ਅਣਗੌਲਿਆ ਕਰਕੇ ਮੁਸਕਰਾ ਕੇ ਚਲੇ ਗਏ।

Advertisement
×