
ਡਿਬਰੂਗੜ੍ਹ/ਗੁਹਾਟੀ, 19 ਮਾਰਚ
ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਗ੍ਰਿਫ਼ਤਾਰ ਚਾਰ ਮੈਂਬਰਾਂ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਪੰਜਾਬ ਪੁਲੀਸ ਵੱਲੋਂ ਅੱਜ ਅਸਾਮ ਦੇ ਡਿਬਰੂਗੜ੍ਹ ਲਿਆਂਦਾ ਗਿਆ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੇ ਗ੍ਰਿਫ਼ਤਾਰ ਚਾਰ ਕਾਰਕੁਨਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਡਿਬਰੂਗੜ੍ਹ ਲਿਆਂਦਾ ਗਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚਾਰਾਂ ਜਣਿਆਂ ਨੂੰ ਫਿਲਹਾਲ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਸੂਤਰਾਂ ਨੇ ਦੱਸਿਆ, ‘‘ਚਾਰਾਂ ਕਾਰਕੁਨਾਂ ਨੂੰ ਲਿਆਉਣ ਸਮੇਂ ਆਈਜੀ ਜੇਲ੍ਹਾਂ ਸਣੇ ਪੰਜਾਬ ਪੁਲੀਸ ਦਾ 27 ਮੈਂਬਰੀ ਦਸਤਾ ਉਨ੍ਹਾਂ ਦੇ ਨਾਲ ਸੀ।’’ ਡਿਬਰੂਗੜ੍ਹ ਦੇ ਡੀਸੀ ਅਤੇ ਐੈੱਸਐੱਸਪੀ ਅਗਵਾਈ ਹੇਠ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਮੋਹਨਬਾੜੀ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਅੱਗੇ ਲਿਆਂਦਾ ਗਿਆ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅਸਾਮ ਲਿਆਂਦੇ ਜਾਣ ਦੇ ਕਾਰਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਹੈ। ਪੁਲੀਸ ਇਸ ਸਬੰਧੀ ਕੁਝ ਵੀ ਦੱਸਣ ਦੀ ਚਾਹਵਾਨ ਨਹੀਂ ਹੈ। ਆਈਏਐੱਨਐੱਸ ਵੱਲੋਂ ਆਈਜੀ ਪੁਲੀਸ ਤੇ ਅਸਾਮ ਪੁਲੀਸ ਦੇ ਤਰਜਮਾਨ ਪ੍ਰਸ਼ਾਂਤ ਕੁਮਾਰ ਭੂਯਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕਿਸੇ ਵੀ ਘਟਨਾਕ੍ਰਮ ਬਾਰੇ ਪਤਾ ਨਹੀਂ ਹੈ। -ਏਜੰਸੀਆਂ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ