Punjab Influencer Attacks: ਲਗਾਤਾਰ ਹਮਲੇ ਪੰਜਾਬ ਪੁਲੀਸ ਲਈ ਸਿਰਦਰਦੀ ਬਣੇ
ਹੁਣ ਤੱਕ ਤਿੰਨ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਛੇ ਪੁਲੀਸ ਮੁਲਾਜ਼ਮ ਨਿਸ਼ਾਨਾ ਬਣਾਏ
ਸੋਸ਼ਲ ਮੀਡੀਆ ਇਨਫਲੂਐਂਸਰਾਂ ਉੱਤੇ ਨੈਤਿਕ (ਮੌਰਲ) ਪੁਲੀਸਿੰਗ ਦੇ ਨਾਂ ਹੇਠ ਹਮਲੇ ਅਤੇ ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਵੱਖ-ਵੱਖ ਘਟਨਾਵਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲੀਸ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ ਜਦਕਿ ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਦੀ ਆਮਦ ਲਗਾਤਾਰ ਜਾਰੀ ਹੈ।
ਸੋਸ਼ਲ ਮੀਡੀਆ ’ਤੇ ਆਮ ਚਰਚਾ ਹੈ ਕਿ ਸ਼ੂਟਰਾਂ ਲਈ ਮੋਟਰਸਾਈਕਲਾਂ ’ਤੇ ਆਉਣਾ, ਹੱਤਿਆ ਨੂੰ ਅੰਜਾਮ ਦੇਣਾ ਅਤੇ ਫ਼ਰਾਰ ਹੋਣਾ ਕਿੰਨਾ ਸੌਖਾ ਜਾਪਦਾ ਹੈ। ਹੁਣ ਤੱਕ ਤਿੰਨ ਇਨਫਲੂਐਂਸਰਾਂ ਅਤੇ ਛੇ ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕ ਰਹੀਆਂ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਮਾਮਲਿਆਂ ਦੀ ਪੜਤਾਲ ਤੋਂ ਪਤਾ ਲਗਦਾ ਹੈ ਕਿ ਇਨਫਲੂਐਂਸਰਾਂ ਅਤੇ ਪੁਲੀਸ ਮੁਲਾਜ਼ਮਾਂ ’ਤੇ ਹੋਏ ਹਮਲੇ ਆਪਸ ਵਿੱਚ ਜੁੜੇ ਨਹੀਂ ਹਨ ਅਤੇ ਇਨ੍ਹਾਂ ਦੇ ਵੱਖ-ਵੱਖ ਅਪਰਾਧੀ ਤੇ ਮਨਸੂਬੇ ਹਨ।
ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਪੁਲੀਸ ਵਾਲਿਆਂ ’ਤੇ ਹਮਲਾ ਕੌਮੀ ਸੁਰੱਖਿਆ ’ਤੇ ਹਮਲਾ ਹੈ ਕਿਉਂਕਿ ਜ਼ਿੰਮੇਵਾਰੀ ਲੈਣ ਲਈ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (ਟੀ ਟੀ ਐੱਚ) ਨਾਂ ਦੀ ਫ਼ਰਜ਼ੀ ਜਥੇਬੰਦੀ ਖੜ੍ਹੀ ਕੀਤੀ ਗਈ ਹੈ, ਪਰ ਇਹ ਸਾਜ਼ਿਸ਼ ਪਾਕਿਸਤਾਨ ਦੀ ਆਈ ਐੱਸ ਆਈ ਤੇ ਅਤਿਵਾਦੀ ਸਮੂਹਾਂ ਦੀ ਹੈ। ਮਧੂਸੂਦਨ ਸੰਧੂ, ਜਿਸ ਨੂੰ ਮੈਡ ਸੰਧੂ ਵਜੋਂ ਜਾਣਿਆ ਜਾਂਦਾ ਹੈ, ਮਸ਼ਹੂਰ ਇਨਫਲੂਐਂਸਰ ਅਤੇ ਐੱਲ ਜੀ ਬੀ ਟੀ ਕਿਊ ਕਾਰਕੁਨ ਸੀ ਜਿਸ ਨੂੰ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਲੋਹਾਰਕਾ ਰੋਡ ’ਤੇ ਕਾਰ-ਵਾਸ਼ਿੰਗ ਪੁਆਇੰਟ ’ਤੇ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਗੋਲੀ ਮਾਰ ਦਿੱਤੀ ਸੀ। ਇਸ ਸਾਲ ਸੂਬੇ ਵਿੱਚ ਚਾਰ ਪੁਲੀਸ ਮੁਲਾਜ਼ਮ ਮਾਰੇ ਜਾ ਚੁੱਕੇ ਹਨ ਅਤੇ ਦੋ ਹੋਰਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ।
ਸੰਧੂ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਮੂਹਾਂ ਜਾਂ ਗੈਂਗਸਟਰਾਂ ਵੱਲੋਂ ਨੈਤਿਕ ਪੁਲੀਸਿੰਗ ਦੇ ਨਾਂ ’ਤੇ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਹੋਰ ਇਨਫਲੂਐਂਸਰ ਕੋਮਲ ਭਾਬੀ ਨੂੰ ਵੀ ਸਥਾਨਕ ਸਮੂਹ ਨੇ ਨਿਸ਼ਾਨਾ ਬਣਾਇਆ ਸੀ। ਪੁਲੀਸ ਵਾਲਿਆਂ ’ਤੇ ਹੋ ਰਹੇ ਹਮਲੇ ਖ਼ਾਸ ਸੂਚਨਾ ਦੇ ਆਧਾਰ ’ਤੇ ਸਰਹੱਦ ਪਾਰੋਂ ਅੰਜਾਮ ਦਿੱਤੇ ਜਾ ਰਹੇ ਹਨ। ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਰਹਿ ਰਹੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਸਪੇਨ ਦੇ ਗੈਂਗਸਟਰ ਲੱਕੀ ਜੌਹਲ ਵੱਲੋਂ ਲੈਣ ਦੇ ਦਾਅਵਿਆਂ ਦੀ ਵੀ ਪੁਲੀਸ ਪੁਸ਼ਟੀ ਕਰ ਰਹੀ ਹੈ।

