DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab Congress Crisis: ਰਾਜਾ ਵੜਿੰਗ ਖ਼ਿਲਾਫ਼ ਘੇਰਾਬੰਦੀ ਤੇਜ਼

ਭੂਪੇਸ਼ ਬਘੇਲ ਦੇ ਅੱਜ ਪੰਜਾਬ ਆਉਣ ਦੀ ਸੰਭਾਵਨਾ

  • fb
  • twitter
  • whatsapp
  • whatsapp
Advertisement

Punjab Congress crisis 2026: ਪੰਜਾਬ ਕਾਂਗਰਸ ਦਾ ਅੰਦਰੂਨੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੇ ਭਲਕੇ ਪੰਜਾਬ ਆਉਣ ਦੀ ਸੰਭਾਵਨਾ ਹੈ। ਬਘੇਲ ਦੀ ਆਮਦ ਤੋਂ ਪਹਿਲਾਂ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਕਾਂਗਰਸੀ ਧੜੇ ਇਕਜੁੱਟ ਹੋਣ ਲੱਗੇ ਹਨ। ਸੂਤਰਾਂ ਮੁਤਾਬਕ ਉਹ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਇਕਸੁਰ ਹਨ ਅਤੇ ਭਲਕੇ ਚੰਡੀਗੜ੍ਹ ’ਚ ਗੁਪਤ ਮੀਟਿੰਗ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵੜਿੰਗ ਵਿਰੋਧੀ ਆਗੂਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਲਈ ਪੱਬਾਂ ਭਾਰ ਹਨ।

ਵੜਿੰਗ ਵਿਰੋਧੀ ਕੁਝ ਸੀਨੀਅਰ ਕਾਂਗਰਸੀ ਆਗੂ ਅੱਜ ਵੀ ਇਕੱਠੇ ਹੋਏ ਸਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ ਤੋਂ ਪਰਤ ਆਏ ਹਨ। ਹਾਈਕਮਾਂਡ ਨੇ ਵੀ ਸੀਨੀਅਰ ਕਾਂਗਰਸੀ ਆਗੂਆਂ ਨਾਲ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਚੰਨੀ ਦੇ ਮੋਰਿੰਡਾ ਇਕੱਠ ਨੇ ਕਾਂਗਰਸ ’ਚ ਆਰ ਪਾਰ ਦੀ ਲੜਾਈ ਦਾ ਮੁੱਢ ਬੰਨ੍ਹ ਦਿੱਤਾ ਸੀ। ਪ੍ਰਧਾਨਗੀ ਦੇ ਦਾਅਵੇਦਾਰ ਰਹੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਪਰਗਟ ਸਿੰਘ ਹਾਲਾਂਕਿ ਮੋਰਿੰਡਾ ਇਕੱਠ ’ਚ ਸ਼ਾਮਲ ਨਹੀਂ ਸਨ। ਹੁਣ ਵੜਿੰਗ ਵਿਰੋਧੀ ਆਗੂ ਇਕਜੁੱਟ ਹੋਣ ਲਈ ਸਹਿਮਤੀ ਬਣਾਉਣ ਲੱਗੇ ਹਨ।

Advertisement

ਸੂਤਰਾਂ ਮੁਤਾਬਕ ਚੰਨੀ ਸਮੇਤ ਹੋਰ ਸੀਨੀਅਰ ਆਗੂ ਹੁਣ ਇਸ ਗੱਲੋਂ ਇਕਸੁਰ ਹਨ ਕਿ ਪਹਿਲੇ ਪੜਾਅ ’ਤੇ ਵੜਿੰਗ ਨੂੰ ਕੁਰਸੀ ਤੋਂ ਲਾਂਭੇ ਕਰਨ ਲਈ ਸਾਂਝੇ ਤੌਰ ’ਤੇ ਕੁੱਦਿਆ ਜਾਵੇ। ਦੂਜੇ ਪਾਸੇ ਸੂਬਾਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਪਣੇ ਧੜੇ ਨਾਲ ਤਾਲਮੇਲ ਕਰਨ ’ਚ ਰੁੱਝੇ ਹਨ। ਭੂਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਫੋਨ ਖੜਕਾਏ ਹਨ ਪਰ ਉਹ ਅਜੇ ਬਘੇਲ ਨੂੰ ਕੋਈ ਲੜ ਨਹੀਂ ਫੜਾ ਰਹੇ। ਕਾਂਗਰਸੀ ਆਗੂ ਰਾਹੁਲ ਗਾਂਧੀ 7 ਜੁਲਾਈ ਨੂੰ ਦੇਸ਼ ਪਰਤ ਰਹੇ ਹਨ ਤੇ ਉਨ੍ਹਾਂ ਦੀ ਆਮਦ ’ਤੇ ਹੀ ਕਿਸੇ ਨਤੀਜੇ ਦੀ ਸੰਭਾਵਨਾ ਹੈ।

Advertisement

ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਭ ਧੜਿਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਵੀ ਹੁਣ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਮੈਦਾਨ ’ਚ ਕੁੱਦੇ ਹਨ। ਹਾਈਕਮਾਂਡ ਨੂੰ ਲਿਖੀ ਖੁੱਲ੍ਹੀ ਚਿੱਠੀ ’ਚ ਮੁਸਤਫ਼ਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਡੇਰੇ ਹਿੱਤਾਂ ਲਈ ਵੜਿੰਗ ਨੂੰ ਖ਼ੁਦ ਹੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਮੁਸਤਫ਼ਾ ਦੀ ਧਰਮ ਪਤਨੀ ਰਜ਼ੀਆ ਸੁਲਤਾਨਾ ਅਮਰਿੰਦਰ ਵਜ਼ਾਰਤ ’ਚ ਕੈਬਨਿਟ ਮੰਤਰੀ ਸੀ। ਮੁਸਤਫ਼ਾ ਪਰਿਵਾਰ ਲੰਮੇ ਅਰਸੇ ਤੋਂ ਕਾਂਗਰਸ ਨਾਲ ਜੁੜਿਆ ਹੈ।

ਹਾਈਕਮਾਂਡ ਵੱਲੋਂ ਪੰਜਾਬ ਫਾਰਮੂਲੇ ਤਹਿਤ ਕੀਤੇ ਪੁਨਰਗਠਨ ਮਗਰੋਂ ਕਾਂਗਰਸੀ ਸਫ਼ਾਂ ’ਚ ਖ਼ਾਮੋਸ਼ੀ ਛਾਈ ਹੋਈ ਹੈ। ਫਾਰਮੂਲੇ ਤਹਿਤ ਜਿਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ’ਚੋਂ ਬਹੁਤਿਆਂ ਨੇ ਹਾਈਕਮਾਂਡ ਦਾ ਧੰਨਵਾਦ ਵੀ ਨਹੀਂ ਕੀਤਾ ਹੈ। ‘ਆਪ’ ਸਰਕਾਰ ਦੀ ਨਿਗ੍ਹਾ ਵੀ ਕਾਂਗਰਸ ਦੀ ਖਿੱਚੋਤਾਣ ’ਤੇ ਟਿਕੀ ਹੈ। ਚੋਣਾਂ ਨੇੜੇ ਹੋਣ ਕਰ ਕੇ ਕਾਂਗਰਸੀ ਵਰਕਰ ਵੀ ਹਰ ਸਰਗਰਮੀ ਨੂੰ ਨੇੜਿਓਂ ਤੱਕ ਰਹੇ ਹਨ।

ਪੰਜਾਬ ਕਾਂਗਰਸ ’ਚ ਧੜੇਬੰਦੀ ਹਰ ਵਾਰ ਦਾ ਕਲੇਸ਼

ਚੰਡੀਗੜ੍ਹ (ਰਾਜਮੀਤ ਸਿੰਘ): 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਮੁੜ ਅੰਦਰੂਨੀ ਧੜੇਬੰਦੀ ਦੀ ਪੁਰਾਣੀ ਖੇਡ ਦੇਖਣ ਨੂੰ ਮਿਲ ਰਹੀ ਹੈ। ਇਹ ਧੜੇਬੰਦੀ ਅਗਾਮੀ ਚੋਣਾਂ ਦੌਰਾਨ ਪਾਰਟੀ ਦੀ ਸੱਤਾ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਅਸਰਅੰਦਾਜ਼ ਕਰ ਸਕਦੀ ਹੈ। ਐਤਕੀਂ ਫ਼ਰਕ ਸਿਰਫ਼ ਇੰਨਾ ਹੈ ਕਿ ਘਟਨਾਕ੍ਰਮ ਵੱਖੋ ਵੱਖਰੇ ਸਮੇਂ ਉੱਤੇ ਹੋ ਰਹੇ ਹਨ ਤੇ ਇਸ ਵਿੱਚ ਸ਼ਾਮਲ ਕਿਰਦਾਰ ਬਦਲ ਗਏ ਹਨ। ਪੰਜਾਬ ਕਾਂਗਰਸ ਦੀ ਰਾਜਨੀਤੀ ਵਿੱਚ ਅੰਦਰੂਨੀ ਧੜੇਬੰਦੀ ਹਰ ਵਾਰ ਦੀ ਗੱਲ ਹੋ ਗਈ ਹੈ। ਸਿਆਸੀ ਸਮੀਖਿਅਕ ਮੰਨਦੇ ਹਨ 2015, 2021 ਜਾਂ ਫਿਰ 2026, ਪਾਰਟੀ ਆਗੂਆਂ ਦੀ ਧੜੇਬੰਦੀ, ਹੰਕਾਰ ਦੀ ਲੜਾਈ ਅਤੇ ਨਿੱਜੀ ਇੱਛਾਵਾਂ ਨੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਪਾਰਟੀ ਦੇ ਹਿੱਤਾਂ ਨੂੰ ਸਾਬੋਤਾਜ ਕੀਤਾ ਹੈ।

Advertisement
×