Punjab Congress Crisis: ਰਾਜਾ ਵੜਿੰਗ ਦੀ ਛੁੱਟੀ, ਨਵੇਂ ਪ੍ਰਧਾਨ ਲਈ ਰਾਹ ਪੱਧਰਾ
ਦੌੜ ’ਚ ਵਿਜੈਇੰਦਰ ਸਿੰਗਲਾ ਤੇ ਪਰਗਟ ਸਿੰਘ ਮੋਹਰੀ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਨਵੇਂ ਚਿਹਰੇ ਦੇ ਐਲਾਨ ਤੋਂ ਐਨ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਪਣੇ ਐਕਸ ਖਾਤੇ ’ਤੇ ਖ਼ੁਦ ਨੂੰ ‘ਸਾਬਕਾ ਪ੍ਰਧਾਨ’ ਦੱਸ ਕੇ ਅਹੁਦੇ ਤੋਂ ਲਾਂਭੇ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਨਾਲ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨੇ ਜਾਣ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪੀ ਟੀ ਆਈ ਵੀਡੀਓਜ਼ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ, ‘‘ਮੈਂ ਹੁਣ (ਪੰਜਾਬ ਕਾਂਗਰਸ ਦਾ) ਪ੍ਰਧਾਨ ਨਹੀਂ ਹਾਂ, ਮੈਨੂੰ ਇਹ ਪਤਾ ਹੈ।’’ ਨਵੇਂ ਪ੍ਰਧਾਨ ਦੇ ਨਾਂ ਬਾਰੇ ਪੁੱਛਣ ’ਤੇ ਰਾਜਾ ਵੜਿੰਗ ਨੇ ਕਿਹਾ, ‘‘ਇਹ ਰਾਹੁਲ ਗਾਂਧੀ ਤੇ ਕਾਂਗਰਸ ਦਾ ਅਧਿਕਾਰ ਖੇਤਰ ਹੈ। ਕੌਣ ਬਣ ਰਿਹਾ ਹੈ ਅਤੇ ਕਦੋਂ ਬਣ ਰਿਹਾ ਹੈ। ਹਾਂ, ਮੈਂ ਪ੍ਰਧਾਨ ਨਹੀਂ ਹਾਂ, ਜੋ ਮੈਨੂੰ ਪਤਾ ਹੈ।’’ ਪਾਰਟੀ ਹਾਈਕਮਾਂਡ ਵੀ ਹੁਣ ਇਸ ਮਾਮਲੇ ਨੂੰ ਬਹੁਤਾ ਲਟਕਾਉਣ ਦੇ ਰੌਂਅ ’ਚ ਨਹੀਂ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਯੁਕਤ ਖ਼ਜ਼ਾਨਚੀ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਦੇ ਨਾਮ ਨਵੀਂ ਪ੍ਰਧਾਨਗੀ ਲਈ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਸਿੰਗਲਾ ਨੇ ਅੱਜ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਵੀ ਕੀਤੀ ਹੈ।
ਰਾਜਾ ਵੜਿੰਗ ਦੇ ਅੱਜ ਦੇ ਐਲਾਨ ਤੋਂ ਸਾਫ਼ ਹੈ ਕਿ ਬਤੌਰ ਪ੍ਰਧਾਨ ਉਨ੍ਹਾਂ ਦੀ ਸਿਆਸੀ ਪਾਰੀ ਖ਼ਤਮ ਹੋ ਗਈ ਹੈ। ਉਹ ਹਾਈਕਮਾਂਡ ਦੀ ਤਲਬੀ ਮਗਰੋਂ ਦਿੱਲੀ ਪਹੁੰਚ ਗਏ ਹਨ। ਰਵਾਨਾ ਹੋਣ ਤੋਂ ਪਹਿਲਾਂ ਵੜਿੰਗ ਨੇ ਕਿਹਾ ਕਿ ਉਹ ਦਿੱਲੀ ਜਾ ਰਹੇ ਹਨ ਅਤੇ ਭਲਕ ਤੱਕ ਤਸਵੀਰ ਸਾਫ਼ ਹੋ ਜਾਵੇਗੀ। ਲਿਹਾਜ਼ਾ, ਭਲਕੇ ਹੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣਗੇ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਰਾਜਾ ਵੜਿੰਗ ਨੂੰ ਲੰਘੇ ਕੱਲ੍ਹ ਪਹਿਲੀ ਅਕਤੂਬਰ ਨੂੰ ਦਿੱਲੀ ਪਹੁੰਚਣ ਲਈ ਕਿਹਾ ਸੀ।
ਰਾਜਾ ਵੜਿੰਗ ਦੇ ਅਸਤੀਫ਼ੇ ਦੀ ਚਰਚਾ ਮਗਰੋਂ ਕਾਂਗਰਸੀ ਸਫ਼ਾਂ ਵਿੱਚ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਬਰੇਕ ਲਾਉਣ ਲਈ ਆਖ਼ਰਕਾਰ ਹਾਈਕਮਾਂਡ ਨੇ ਆਪਣੇ ਪੁਰਾਣੇ ਫ਼ੈਸਲੇ ਨੂੰ ਬਦਲ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਜਦੋਂ ਜਨਤਕ ਤੌਰ ’ਤੇ ਰਾਜਾ ਵੜਿੰਗ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ, ਤਾਂ ਹਾਈਕਮਾਂਡ ਇੱਕ ਦਫ਼ਾ ਕਿਸੇ ਧੜੇ ਦੇ ਦਬਾਅ ਹੇਠ ਝੁਕਣ ਤੋਂ ਇਨਕਾਰੀ ਸੀ। ਹਾਈਕਮਾਂਡ ਨੇ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਬਦਲਿਆ ਅਤੇ ਹੁਣ ਰਾਜਾ ਵੜਿੰਗ ਦੀ ਛੁੱਟੀ ਦਾ ਰਸਮੀ ਐਲਾਨ ਬਾਕੀ ਹੈ। ਇਹ ਚੰਨੀ ਧੜੇ ਦੀ ਦੂਸਰੀ ਜਿੱਤ ਹੋਵੇਗੀ। ਇਸ ਤੋਂ ਪਹਿਲਾਂ ਬਘੇਲ ਨੂੰ ਬਦਲੇ ਜਾਣ ਨਾਲ ਵੀ ਚੰਨੀ ਧੜੇ ਨੇ ਰਾਹਤ ਮਹਿਸੂਸ ਕੀਤੀ ਸੀ। ਹੁਣ ਨਜ਼ਰਾਂ ਹਾਈਕਮਾਂਡ ਦੇ ਅਗਲੇ ਫ਼ੈਸਲੇ ’ਤੇ ਹਨ ਕਿ ਨਵੀਂ ਕਮਾਨ ਕਿਸ ਚਿਹਰੇ ਦੇ ਹੱਥ ਦਿੱਤੀ ਜਾਂਦੀ ਹੈ। ਰਾਜਾ ਵੜਿੰਗ ਨੇ ਬਤੌਰ ਪ੍ਰਧਾਨ ਸਾਢੇ ਚਾਰ ਸਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਪਾਰਟੀ ਨੇ 9 ਅਪਰੈਲ 2022 ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਸੀ।
ਪੰਜਾਬ ਚੋਣਾਂ 2027 ’ਚ ਹੁਣ ਜਦੋਂ ਬਹੁਤਾ ਸਮਾਂ ਨਹੀਂ ਬਚਿਆ, ਤਾਂ ਨਵੇਂ ਪ੍ਰਧਾਨ ਦੇ ਐਲਾਨ ’ਚ ਦੇਰੀ ਵਰਕਰਾਂ ਨੂੰ ਹੋਰ ਉਕਤਾ ਸਕਦੀ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨਵੇਂ ਪ੍ਰਧਾਨ ਦੇ ਐਲਾਨ ਮਗਰੋਂ ਹੀ ਪੰਜਾਬ ’ਚ ਆਪਣੀ ਸਰਗਰਮੀ ਵਿੱਢਣਾ ਚਾਹੁੰਦੇ ਹਨ। ਉਨ੍ਹਾਂ ਅਜੇ ਤੱਕ ਪੰਜਾਬ ਦਾ ਗੇੜਾ ਨਹੀਂ ਲਾਇਆ।
ਤਵਾਜ਼ਨ ਬਣਾ ਕੇ ਰੱਖਣਾ ਚਾਹੁੰਦੀ ਹੈ ਹਾਈਕਮਾਂਡ
ਨਵੇਂ ਪ੍ਰਧਾਨ ਦੀ ਚੋਣ ਮੌਕੇ ਹਾਈਕਮਾਂਡ ਸਮਾਜਿਕ ਤੇ ਧਾਰਮਿਕ ਤਵਾਜ਼ਨ ਬਰਕਰਾਰ ਰੱਖਣਾ ਚਾਹੁੰਦੀ ਹੈ। ਵਿਜੈਇੰਦਰ ਸਿੰਗਲਾ ਦੀ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਕਾਫ਼ੀ ਨੇੜਤਾ ਹੈ। ਰਾਹੁਲ ਪੰਜਾਬ ਕਾਂਗਰਸ ਦੀ ਨਵੀਂ ਜ਼ਿੰਮੇਵਾਰੀ ਸਿੰਗਲਾ ਨੂੰ ਵੀ ਸੌਂਪ ਸਕਦੇ ਹਨ। ਸਾਬਕਾ ਮੰਤਰੀ ਪਰਗਟ ਸਿੰਘ ਸਿਆਸੀ ਤੌਰ ’ਤੇ ਸੁਲਝੇ ਹੋਏ ਹਨ ਅਤੇ ਉਨ੍ਹਾਂ ਦਾ ਅਕਸ ਵੀ ਚੰਗਾ ਹੈ। ਪੰਜਾਬ ਦੇ ਮੁੱਦਿਆਂ ਬਾਰੇ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਹਨ। ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਇਸ ਵੇਲੇ ਜੱਟ ਸਿੱਖ ਕੋਲ ਹੈ।
ਫੇਰਬਦਲ ਬਾਰੇ ਫ਼ੈਸਲਾ ਹਾਈ ਕਮਾਂਡ ਨੇ ਲੈਣਾ: ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ’ਚ ਫੇਰਬਦਲ ਬਾਰੇ ਫ਼ੈਸਲਾ ਹਾਈਕਮਾਂਡ ਨੇ ਲੈਣਾ ਹੈ। ਸਚਿਨ ਪਾਇਲਟ ਨੂੰ ਇੰਚਾਰਜ ਲਾਏ ਜਾਣ ਨਾਲ ਵਰਕਰਾਂ ’ਚ ਨਵੀਂ ਉਮੀਦ ਜਾਗੀ ਹੈ। ਇਸ ਦੌਰਾਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ
ਹਾਈਕਮਾਂਡ ਨਾਲ ਮੀਟਿੰਗ ਕੀਤੀ ਹੈ। ਰੰਧਾਵਾ ਨੇ ਹਾਲਾਂਕਿ ਕਿਹਾ ਕਿ ਉਹ ਰਾਜਸਥਾਨ ਕਾਂਗਰਸ ਦੇ ਇੰਚਾਰਜ ਵਜੋਂ ਮਿਲੇ ਹਨ ਜਿਸ ਦਾ ਤੁਅੱਲਕ ਪੰਜਾਬ ਮਾਮਲਿਆਂ ਨਾਲ ਨਹੀਂ ਹੈ।

