DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Parvinder Jhota Murder: ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

ਸੜਕਾਂ ਅਤੇ ਬਾਜ਼ਾਰ ਸੁੰਨੇ ਰਹੇ; ਪੁਲੀਸ ਪਹਿਰੇ ਹੇਠ ਕਈ ਥਾਵਾਂ ’ਤੇ ਤਕਰਾਰ; ਸਰਕਾਰੀ ਅਦਾਰੇ ਖੁੱਲ੍ਹੇ; ਕੰਮ-ਕਾਜ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਪਰਵਿੰਦਰ ਸਿੰਘ ਝੋਟਾ ਦੇ ਕਤਲ ਖਿਲਾਫ਼ ਮਾਨਸਾ ਵਿੱਚ ਤਿੰਨਕੋਨੀ ਰੋਡ ’ਤੇ ਪੰਜਾਬ ਬੰਦ ਦੇ ਹੱਕ ਵਿੱਚ ਇਕੱਤਰ ਹੋਏ ਲੋਕ। -ਫੋਟੋ: ਪਵਨ ਸ਼ਰਮਾ
Advertisement

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਪੁਲੀਸ ਦੀ ਵੱਡੀ ਨਫ਼ਰੀ ਸ਼ਹਿਰਾਂ ’ਚ ਤਾਇਨਾਤ ਰਹੀ। ਪੰਜਾਬ ਬੰਦ ਦੌਰਾਨ ਮਾਹੌਲ ’ਚ ਤਣਾਅ ਤਾਂ ਦਿਖਿਆ ਪਰ ਕਿਧਰੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਕਾਰੋਬਾਰੀ ਅਤੇ ਵਪਾਰਕ ਅਦਾਰੇ ਬੰਦ ਰਹੇ। ਬਾਜ਼ਾਰਾਂ ਅਤੇ ਸੜਕਾਂ ’ਤੇ ਸੁੰਨ ਪਸਰੀ ਹੋਈ ਸੀ। ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸਰਕਾਰੀ ਬੱਸਾਂ ਤਾਂ ਚੱਲੀਆਂ ਪਰ ਉਨ੍ਹਾਂ ’ਚ ਮੁਸਾਫ਼ਰ ਘੱਟ ਸਨ। ਮੈਡੀਕਲ ਸਟੋਰ ਖੁੱਲ੍ਹੇ ਰਹੇ ਅਤੇ ਕਈ ਸ਼ਹਿਰਾਂ ’ਚ ਦੁਕਾਨਾਂ ਬੰਦ ਵੀ ਕਰਾਈਆਂ ਗਈਆਂ।

ਪ੍ਰਾਈਵੇਟ ਟਰਾਂਸਪੋਰਟ ਅੱਜ ਸੜਕਾਂ ’ਤੇ ਨਾਂਮਾਤਰ ਹੀ ਨਜ਼ਰ ਆਈ। ਸਰਕਾਰੀ ਦਫ਼ਤਰ ਖੁੱਲ੍ਹੇ ਸਨ ਪਰ ਲੋਕਾਂ ਦੀ ਚਹਿਲ ਪਹਿਲ ਨਹੀਂ ਸੀ। ਸਰਕਾਰੀ ਸਕੂਲਾਂ ’ਚ ਹਾਜ਼ਰੀ ਪ੍ਰਭਾਵਿਤ ਰਹੀ, ਜਦੋਂ ਕਿ ਬਹੁਤੇ ਪ੍ਰਾਈਵੇਟ ਅਦਾਰੇ ਅੱਜ ਬੰਦ ਰਹੇ। ਪੰਜਾਬ ਬੰਦ ਦੀ ਅਗਵਾਈ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ, ਪੰਜਾਬ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ, ਸੰਯੁਕਤ ਕਿਸਾਨ ਮੋਰਚਾ, ਕਿਸਾਨ ਅਤੇ ਮਜ਼ਦੂਰ ਧਿਰਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੁਲਾਜ਼ਮ ਧਿਰਾਂ ਤੋਂ ਇਲਾਵਾ ਵਿਦਿਆਰਥੀ ਜਥੇਬੰਦੀਆਂ ਨੇ ਵੀ ਕੀਤੀ। ਸੜਕਾਂ ’ਤੇ ਜ਼ਿਆਦਾ ਅਕਾਲੀ ਦਲ (ਵਾਰਿਸ ਪੰਜਾਬ) ਦੇ ਕਾਰਕੁਨ ਨਜ਼ਰ ਆਏ। ਮਾਨਸਾ ਪੂਰੀ ਤਰ੍ਹਾਂ ਬੰਦ ਰਿਹਾ।

Advertisement

ਜ਼ਿਲ੍ਹਾ ਲੁਧਿਆਣਾ ’ਚ ਸਾਹਨੇਵਾਲ ਦੇ ਪਿੰਡ ਕਡਿਆਣਾ ਖ਼ੁਰਦ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਅੱਜ ਮੁਜ਼ਾਹਰੇ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਵੇਰਵਿਆਂ ਅਨੁਸਾਰ ਬਠਿੰਡਾ, ਬਰਨਾਲਾ, ਸੰਗਰੂਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਅੰਮ੍ਰਿਤਸਰ ਅਤੇ ਮੋਗਾ ਸਣੇ ਹੋਰ ਸ਼ਹਿਰਾਂ ਵਿੱਚ ਬਾਜ਼ਾਰ ਬੰਦ ਰਹੇ। ਬਹੁਤੇ ਟੌਲ ਪਲਾਜ਼ੇ ਪਰਚੀ ਤੋਂ ਮੁਕਤ ਰਹੇ। ਸ਼੍ਰੋਮਣੀ ਕਮੇਟੀ ਦੇ ਅਦਾਰੇ ਹਮਾਇਤ ’ਚ ਬੰਦ ਰਹੇ। ਸ਼ਹਿਰਾਂ ’ਚ ਰੋਸ ਮਾਰਚ ਹੋਏ ਅਤੇ ਸੜਕਾਂ ’ਤੇ ਧਰਨੇ ਵੀ ਲੱਗੇ।

Advertisement

ਜ਼ੀਰਕਪੁਰ-ਬਠਿੰਡਾ ਮੁੱਖ ਸ਼ਾਹਰਾਹ ’ਤੇ ਕਈ ਥਾਈਂ ਧਰਨੇ ਲੱਗੇ। ਰਾਮਪੁਰਾ ਫੂਲ ’ਚ ਕਿਸਾਨ ਆਗੂਆਂ ਅਤੇ ਪੁਲੀਸ ਦਰਮਿਆਨ ਤਕਰਾਰ ਹੋਈ ਅਤੇ ਧੂਰੀ ’ਚ ਫਾਸਟ ਫੂਡ ਦੁਕਾਨਦਾਰ ਨਾਲ ਤਲਖ਼ੀ ਹੋਈ। ਅੰਮ੍ਰਿਤਸਰ ’ਚ ਗੋਲਡਨ ਗੇਟ ਕੋਲ ਕਿਸਾਨ ਮਜ਼ਦੂਰ ਮੋਰਚੇ ਨੇ ਸਰਕਾਰ ਦਾ ਪੁਤਲਾ ਸਾੜਿਆ ਅਤੇ ਇੱਥੇ ਕੁੱਝ ਕਾਰਕੁਨਾਂ ਨੂੰ ਹਿਰਾਸਤ ’ਚ ਲਿਆ ਗਿਆ। ਇਸੇ ਤਰ੍ਹਾਂ ਜਲੰਧਰ ਦੇ ਗੁਰੂ ਨਾਨਕ ਚੌਕ ਅਤੇ ਮੋਗਾ ’ਚ ਵੀ ਕੁੱਝ ਅੰਦੋਲਨਕਾਰੀ ਹਿਰਾਸਤ ’ਚ ਲਏ ਗਏ।

ਬਠਿੰਡਾ ਪੁਲੀਸ ਨੇ ਵੀ ਕਰੀਬ ਡੇਢ ਦਰਜਨ ਕਾਰਕੁਨ ਹਿਰਾਸਤ ’ਚ ਲਏ ਸਨ ਅਤੇ ਮੌੜ ’ਚ ਬੀ ਕੇ ਯੂ ਸਿੱਧੂਪੁਰ ਦੇ ਦਰਜਨ ਆਗੂਆਂ ਨੂੰ ਚੁੱਕਿਆ ਗਿਆ। ਰਾਮਪੁਰਾ ਫੂਲ ਵਿੱਚ ਇਕੱਠ ਦਾ ਰਿਕਾਰਡ ਹੀ ਟੁੱਟ ਗਿਆ। ਸੰਗਰੂਰ ’ਚ ਦਿੱਲੀ ਲੁਧਿਆਣਾ ਕੌਮੀ ਸ਼ਾਹਰਾਹ ’ਤੇ ਧਰਨਾ ਦਿੱਤਾ ਗਿਆ। ਪੰਜਾਬ ਬੰਦ ਦੌਰਾਨ ਕਈ ਸ਼ਹਿਰਾਂ ਵਿੱਚ ਰੋਹ ’ਚ ਆਏ ਲੋਕਾਂ ਨੇ ਪੰਜਾਬ ਸਰਕਾਰ ਦੇ ਪੋਸਟਰ ਅਤੇ ਫਲੈਕਸ ਪਾੜ ਦਿੱਤੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋਵੇਂ ਮੁੱਖ ਗੇਟ ਅੱਜ ਵਿਦਿਆਰਥੀਆਂ ਨੇ ਬੰਦ ਰੱਖੇ।

ਮਾਲਵਾ ਖ਼ਿੱਤੇ ਵਿੱਚ ਸਭ ਤੋਂ ਵੱਧ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਪਾਤੜਾਂ-ਦਿੱਲੀ ਕੌਮੀ ਸ਼ਾਹਰਾਹ ’ਤੇ ਵੀ ਲੋਕਾਂ ਨੇ ਧਰਨਾ ਦਿੱਤਾ ਅਤੇ ਪਠਾਨਕੋਟ-ਜਲੰਧਰ ਸੜਕ ’ਤੇ ਵੀ ਧਰਨਾ ਲਾਇਆ ਗਿਆ। ਮੁਹਾਲੀ ਵਿੱਚ ਸੋਹਾਣਾ ਦੇ ਗੁਰਦੁਆਰਾ ਸਾਹਿਬ ਨੇੜਲੇ ਚੌਕ ’ਚ ਧਰਨਾ ਦਿੱਤਾ ਗਿਆ। ਅਕਾਲੀ ਦਲ (ਵਾਰਿਸ ਪੰਜਾਬ) ਦੇ ਦਫ਼ਤਰ ਸਕੱਤਰ ਪੁਆਧ ਜ਼ੋਨ ਮੁਖੀ ਸ਼ਿਵਚਰਨ ਸਿੰਘ ਭੰਗੂ ਨੇ ਲੋਕਾਂ ਨੂੰ ਪੰਜਾਬ ਬੰਦ ’ਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ।

ਸਿਆਸੀ ਧਿਰਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਪੰਜਾਬ ਸਰਕਾਰ ਦੀ ਨਜ਼ਰ ਅੱਜ ਪੰਜਾਬ ਬੰਦ ਨੂੰ ਮਿਲਣ ਵਾਲੇ ਹੁੰਗਾਰੇ ’ਤੇ ਰਹੀ, ਜਦੋਂ ਕਿ ਵਿਰੋਧੀ ਸਿਆਸੀ ਅਤੇ ਜਨਤਕ ਧਿਰਾਂ ਨੇ ਪੰਜਾਬ ਬੰਦ ਦੀ ਸਫਲਤਾ ਲਈ ਤਾਣ ਲਾਇਆ।

Advertisement
×