ਪ੍ਰਸਤਾਵਿਤ 'ਹਿਮ-ਚੰਡੀਗੜ੍ਹ' ਸ਼ਹਿਰ ਨੂੰ ਆਧੁਨਿਕ ਅਤੇ ਟਿਕਾਊ ਸ਼ਹਿਰੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ: ਸੁੱਖੂ
ਰਿਹਾਇਸ਼ੀ ਯੋਜਨਾ ਲਈ 3,428 ਬੀਘਾ ਜ਼ਮੀਨ ਅਲਾਟ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਕਿਹਾ ਕਿ ਸੋਲਨ ਜ਼ਿਲ੍ਹੇ ਵਿੱਚ 'ਹਿਮ-ਚੰਡੀਗੜ੍ਹ' ਸ਼ਹਿਰ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਜ਼ਰੂਰੀ ਨਾਗਰਿਕ ਸੁਵਿਧਾਵਾਂ ਨਾਲ ਇੱਕ ਆਧੁਨਿਕ ਅਤੇ ਟਿਕਾਊ ਸ਼ਹਿਰੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਨੇ ਇਹ ਐਲਾਨ ਸੋਲਨ ਜ਼ਿਲ੍ਹੇ ਦੇ ਬੱਦੀ ਇਲਾਕੇ ਵਿੱਚ ਪ੍ਰਸਤਾਵਿਤ ਸ਼ਹਿਰ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਨ ਤੋਂ ਬਾਅਦ ਕੀਤਾ।
ਸੁੱਖੂ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਨਵੇਂ ਸ਼ਹਿਰ ਦਾ ਵਿਕਾਸ ਸ਼ੁਰੂ ਕਰੇਗੀ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਾਰੀਆਂ ਜ਼ਰੂਰੀ ਰਸਮੀ ਕਾਰਵਾਈਆਂ ਵਿੱਚ ਤੇਜ਼ੀ ਲਿਆਉਣ।
ਪ੍ਰਸਤਾਵਿਤ ਸ਼ਹਿਰ ਸੋਲਨ ਜ਼ਿਲ੍ਹੇ ਦੇ ਬੱਦੀ-ਬਰੋਟੀਵਾਲਾ-ਨਾਲਾਗੜ੍ਹ ਉਦਯੋਗਿਕ ਲਾਂਘੇ ਦੇ ਸ਼ੀਤਲਪੁਰ ਵਿੱਚ ਵਸਾਇਆ ਜਾਵੇਗਾ, ਜੋ ਚੰਡੀਗੜ੍ਹ ਤੋਂ ਲਗਪਗ 30 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਰਿਹਾਇਸ਼ੀ ਯੋਜਨਾ ਲਈ 3,428 ਬੀਘਾ ਜ਼ਮੀਨ ਅਲਾਟ ਕੀਤੀ ਜਾ ਚੁੱਕੀ ਹੈ।

