ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜਨਵਰੀ
ਕੇਂਦਰ ਸਰਕਾਰ ਨੇ ਅੱਜ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਡੇਢ ਤੋਂ ਦੋ ਸਾਲ ਦੇ ਅਰਸੇ ਲਈ ਮੁਅੱਤਲ (ਅੱਗੇ ਪਾਉਣ) ਕਰਨ ਦੀ ਤਜਵੀਜ਼ ਕਿਸਾਨਾਂ ਅੱਗੇ ਰੱਖਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਬਣੀ ਖੜੋਤ ਨੂੰ ਖ਼ਤਮ ਕਰਨ ਸਾਂਝੀ ਕਮੇਟੀ ਗਠਿਤ ਕਰਨ ਲਈ ਤਿਆਰ ਹੈ। ਕਿਸਾਨ ਆਗੂਆਂ ਨੇ ਸਰਕਾਰ ਦੀ ਇਸ ਤਜਵੀਜ਼ ਨੂੰ ਫੌਰੀ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ। ਆਗੂਆਂ ਨੇ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਸਾਰੀਆਂ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਜਵਾਬ ਦੇਣਗੇ। ਕਿਸਾਨ ਯੂਨੀਅਨਾਂ ਹੁਣ ਭਲਕੇ (ਵੀਰਵਾਰ) ਮੀਟਿੰਗ ਕਰਕੇ ਕੋਈ ਫੈਸਲਾ ਲੈਣਗੀਆਂ। ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਅਗਲੇ ਗੇੜ ਦੀ ਗੱਲਬਾਤ 22 ਜਨਵਰੀ ਨੂੰ ਹੋਵੇਗੀ। ਵਿਗਿਆਨ ਭਵਨ ਵਿੱਚ ਹੋਈ 10ਵੇਂ ਗੇੜ ਦੀ ਗੱਲਬਾਤ ਪੰਜ ਘੰਟੇ ਦੇ ਕਰੀਬ ਚੱਲੀ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, ‘ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਅੱਤਲ ਕੀਤੇ ਜਾਣ ਦੀ ਤਜਵੀਜ਼ ਰੱਖੀ ਹੈ। ਅਸੀਂ ਤਜਵੀਜ਼ ਨੂੰ ਰੱਦ ਕਰ ਦਿੱਤਾ, ਪਰ ਕਿਉਂ ਜੋ ਇਹ ਸਰਕਾਰ ਵੱਲੋਂ ਆਈ ਹੈ, ਅਸੀਂ ਭਲਕੇ (ਵੀਰਵਾਰ) ਮੀਟਿੰਗ ਕਰ ਕੇ ਇਸ ’ਤੇ ਵਿਚਾਰ ਚਰਚਾ ਕਰਾਂਗੇ।’ ਇਕ ਹੋਰ ਕਿਸਾਨ ਆਗੂ ਕਵਿਤਾ ਕੁਰੂਗੰਟੀ ਨੇ ਕਿਹਾ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ (ਆਪਸੀ ਸਹਿਮਤੀ ਨਾਲ ਬਣਨ ਵਾਲੇ) ਅਰਸੇ ਲਈ ਮੁਅੱਤਲ ਕਰਨ ਬਾਰੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਖ਼ਲ ਕਰਨ ਦੀ ਤਜਵੀਜ਼ ਵੀ ਰੱਖੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਯੂਨੀਅਨਾਂ ਖੇਤੀ ਕਾਨੂੰਨਾਂ ’ਤੇ ਮੁਕੰਮਲ ਲੀਕ ਮਾਰਨ ਦੀ ਆਪਣੀ ਮੰਗ ’ਤੇ ਦ੍ਰਿੜ ਹਨ, ਪਰ ਉਹ ਸਰਕਾਰ ਦੀ ਸੱਜਰੀ ਪੇਸ਼ਕਸ਼ ’ਤੇ ਚਰਚਾ ਕਰਕੇ ਆਪਣਾ ਆਖਰੀ ਫੈਸਲਾ ਅਗਲੀ ਮੀਟਿੰਗ ’ਚ ਸੁਣਾਉਣਗੇ।
ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਮੋਰਚੇ ਨੇ ਸਰਕਾਰ ਦੀ ਤਜਵੀਜ਼ ’ਤੇ ਚਰਚਾ ਲਈ 21 ਜਨਵਰੀ ਨੂੰ ਮੀਟਿੰਗ ਸੱਦ ਲਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਨੇ ਕੇਂਦਰ ਸਰਕਾਰ ਨੂੰ ਸਾਫ਼ ਕਰ ਦਿੱੱਤਾ ਹੈ ਕਿ ਉਹ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ਉਪਰ ਕਾਇਮ ਹਨ ਅਤੇ ਇਸ ਤੋਂ ਪਿੱਛੇ ਨਹੀਂ ਹਟੇ।
ਬੀਕੇਯੂ (ਰਾਜੇਵਾਲ) ਦੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੁਣ ਸਰਕਾਰ ਨੇ ਆਪਣੇ ਪੈਰ ਪਿੱਛੇ ਖਿੱਚੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪੇਸ਼ਕਸ਼ ਬਾਰੇ ਪਹਿਲਾਂ ਪੰਜਾਬ ਦੀਆਂ ਜਥੇਬੰਦੀਆਂ ਚਰਚਾ ਕਰਨਗੀਆਂ ਤੇ ਫਿਰ ਮਾਮਲਾ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਵਿਚਾਰਿਆ ਜਾਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਕਿਸਾਨ ਮੰਗਾਂ ਦਾ ਅਹਿਮ ਹਿੱਸਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਸਰਕਾਰ ਵੱਲੋਂ ਗਠਿਤ ਕੀਤੀ ਜਾਣ ਵਾਲੀ ਸਾਂਝੀ ਕਮੇਟੀ ਸਵਾਮੀਨਾਥਨ ਰਿਪੋੋਰਟ ਬਾਰੇ ਵੀ ਚਰਚਾ ਕਰੇਗੀ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ 26 ਜਨਵਰੀ ਦਾ ਟਰੈਕਟਰ ਪਰੇਡ ਦਾ ਪ੍ਰੋਗਰਾਮ ਤੇ ਹੋਰ ਐਲਾਨ ਉਵੇਂ ਹੀ ਹਨ। ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਉਪਰ ਟਰੈਕਟਰ ਪਰੇਡ ਨੂੰ ਲੈ ਕੇ ਖਾਸਾ ਦਬਾਅ ਹੈ ਜਿਸ ਕਰਕੇ ਕਿਸਾਨਾਂ ਵੱਲੋਂ ਭਲਕੇ ਬੈਠਕ ਬੁਲਾਈ ਗਈ ਹੈ।
ਦਸਵੇਂ ਗੇੜ ਦੀ ਮੀਟਿੰਗ ਦੌਰਾਨ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ’ਚ ਸੋਧ ਦੀ ਪੇਸ਼ਕਸ਼ ਵੀ ਕੀਤੀ, ਪਰ ਕਿਸਾਨ ਯੂਨੀਅਨਾਂ ਆਪਣੀ ਮੰਗ ’ਤੇ ਕਾਇਮ ਰਹੀਆਂ। ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਨਿਰਧਾਰਿਤ ਮਿਆਦ ਲਈ ਮੁਅੱਤਲ ਕਰਨ ਅਤੇ ਕਿਸਾਨ ਆਗੂਆਂ ਤੇ ਸਰਕਾਰੀ ਨੁਮਾਇੰਦਿਆਂ ਦੀ ਸਾਂਝੀ ਕਮੇਟੀ ਬਣਾਉਣ ਦੀਆਂ ਤਜਵੀਜ਼ਾਂ ਰੱਖਦਿਆਂ ਉਦੋਂ ਤੱਕ ਅੰਦੋਲਨ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ।
ਐੱਨਆਈਏ ਸੰਮਨਾਂ ਦਾ ਮੁੱਦਾ ਉਭਾਰਿਆ
ਕਿਸਾਨ ਆਗੂਆਂ ਨੇ ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਭਾਰਿਆ। ਆਗੂਆਂ ਨੇ ਕਿਹਾ ਕਿ ਨੋਟਿਸ ਮਹਿਜ਼ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਰਾਦੇ ਨਾਲ ਭੇਜੇ ਗਏ ਹਨ। ਸਰਕਾਰ ਵੱਲੋਂ ਪੇਸ਼ ਕੇਂਦਰੀ ਮੰਤਰੀ ਨਰੇਂਦਰ ਤੋਮਰ, ਰੇਲ ਮੰਤਰੀ ਪਿਯੂਸ਼ ਗੋਇਲ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ’ਤੇ ਗੌਰ ਕਰਨਗੇ। ਕਿਸਾਨ ਆਗੂਆਂ ਮੁਤਾਬਕ ਤੋਮਰ ਨੇ ਕਿਹਾ ਕਿ ਕਿਸੇ ਨਿਰਦੋਸ਼ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ। ਸ਼ਿਮਲਾ ਤੋਂ ਤਿੰਨ ਕਿਸਾਨਾਂ ਦੀ ਗ੍ਰਿਫਤਾਰੀ ਨਾਲ ਜੁੜਿਆ ਮੁੱਦਾ ਵੀ ਉਠਾਇਆ ਗਿਆ।
ਕਿਸਾਨ ਆਗੂਆਂ ਵੱਲੋਂ ਬਦਲਵੇਂ ਰੂਟ ਦਾ ਸੁਝਾਅ ਰੱਦ
ਨਵੀਂ ਦਿੱਲੀ: ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ 26 ਜਨਵਰੀ ਲਈ ਤਜਵੀਜ਼ਤ ਟਰੈਕਟਰ ਪਰੇਡ/ਰੈਲੀ ਲਈ ਦਿੱਲੀ ਪੁਲੀਸ ਦੇ ਅਧਿਕਾਰੀਆਂ ਵੱਲੋਂ ਦਿੱਤੇ ਬਦਲਵੇਂ ਰੂਟ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਹੈ। ਪੁਲੀਸ ਨੇ ਕਿਸਾਨ ਆਗੂਆਂ ਨੂੰ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸਵੇਅ ’ਤੇ ਟਰੈਕਟਰ ਮਾਰਚ ਕੱਢਣ ਦਾ ਸੁਝਾਅ ਦਿੱਤਾ ਸੀ, ਪਰ ਕਿਸਾਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਇਸ ਬਦਲਵੇਂ ਰੂਟ ਦੀ ਥਾਂ ਪਹਿਲਾਂ ਮਿੱਥੇ ਮੁਤਾਬਕ ਦਿੱਲੀ ਅੰਦਰਲੀ ਭੀੜ-ਭੜੱਕੇ ਵਾਲੀ ਆਊਟਰ (ਬਾਹਰੀ) ਰਿੰਗ ਰੋਡ ਤੋਂ ਹੀ ਜਾਣਗੇ। ਕਿਸਾਨ ਆਗੂਆਂ ਤੇ ਪੁਲੀਸ ਅਧਿਕਾਰੀਆਂ ਭਲਕੇ ਮੁੜ ਮੀਟਿੰਗ ਕਰਨਗੇ। ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਪੁਲੀਸ ਦੇ ਅਧਿਕਾਰੀਆਂ ਨੇ ਅੱਜ ਮੁੜ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ, ਪਰ ਇਹ ਮੀਟਿੰਗ ਸਿੰਘੂ ਬਾਰਡਰ ਦੀ ਥਾਂ ਵਿਗਿਆਨ ਭਵਨ ਵਿੱਚ ਹੀ ਹੋਈ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਗਣਤੰਤਰ ਦਿਹਾੜੇ ਲਈ ਤਜਵੀਜ਼ਤ ਕਿਸਾਨ ਟਰੈਕਟਰ ਮਾਰਚ/ਪਰੇਡ ਦੇ ਰੂਟ ਤੇ ਹੋਰ ਪ੍ਰਬੰਧਾਂ ਬਾਰੇ ਚਰਚਾ ਕੀਤੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਆਪਣੀ (ਟਰੈਕਟਰ) ਰੈਲੀ ਕੁੰਡਲੀ/ਮਾਨੇਸਰ-ਪਲਵਲ (ਕੇਐੱਮਪੀ) ਐਕਸਪ੍ਰੈੱਸਵੇਅ ’ਤੇ ਕੱਢਣ ਦਾ ਸੁਝਾਅ ਦਿੱਤਾ, ਪਰ ਉਹ ਸਹਿਮਤ ਨਹੀਂ ਹੋਏ। ਦਿੱਲੀ ਅੰਦਰਲੀ ਆਊਟਰ ਰਿੰਗ ਰੋਡ ਦਿੱਲੀ ਦੇ ਕਈ ਖੇਤਰਾਂ ਜਿਵੇਂ ਵਿਕਾਸਪੁਰੀ, ਜਨਕਪੁਰੀ, ਉੱਤਮ ਨਗਰ, ਬੁਰਾੜੀ ਪੀਰਾਗੜ੍ਹੀ ਤੇ ਪੀਤਮਪੁਰਾ ’ਚੋਂ ਹੋ ਕੇ ਲੰਘਦੀ ਹੈ। ਮੀਟਿੰਗ ’ਚ ਸ਼ਾਮਲ ਕਿਸਾਨ ਆਗੂ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨਾਲ ਭਲਕੇ (ਵੀਰਵਾਰ) ਫਿਰ ਮੀਟਿੰਗ ਹੋ ਸਕਦੀ ਹੈ। ਇਕ ਸੀਨੀਅਰ ਕਿਸਾਨ ਆਗੂ ਨੇ ਕਿਹਾ, ‘ਮੀਟਿੰਗ ਦੌਰਾਨ ਅਸੀਂ ਪੁਲੀਸ ਅਧਿਕਾਰੀਆਂ ਨਾਲ ਕਈ ਨੁਕਤਿਆਂ ’ਤੇ ਵਿਚਾਰ ਕੀਤਾ।’ ਸੂਤਰਾਂ ਮੁਤਾਬਕ ਦਿੱਲੀ ਪੁਲੀਸ ਵੱਲੋਂ ਜੁਆਇੰਟ ਕਮਿਸ਼ਨਰ ਆਫ਼ ਪੁਲੀਸ (ਉੱਤਰੀ ਰੇਂਜ) ਐੱਸ.ਐੱਸ.ਯਾਦਵ ਨੇ ਗੱਲਬਾਤ ਕੀਤੀ। ਇਸ ਮੌਕੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਕਿਸਾਨ ਤੇ ਪੁਲੀਸ ਅਧਿਕਾਰੀਆਂ ਦਰਮਿਆਨ ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਸੁਪਰੀਮ ਕੋਰਟ ਨੇ ਤਜਵੀਜ਼ਤ ਟਰੈਕਟਰ ਰੈਲੀ ’ਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਸਾਰੀ ਜ਼ਿੰਮੇਵਾਰੀ ਪੁਲੀਸ ’ਤੇ ਸੁੱਟਦਿਆਂ ਪਟੀਸ਼ਨ ਵਾਪਸ ਲੈਣ ਲਈ ਆਖ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਅਮਨ ਤੇ ਕਾਨੂੰਨ ਨਾਲ ਜੁੜਿਆ ਮਸਲਾ ਹੋਣ ਕਰਕੇ ਇਸ ਬਾਰੇ ਫੈਸਲਾ ਕੇਂਦਰ ਜਾਂ ਪੁਲੀਸ ਨੇ ਲੈਣਾ ਹੈ।
ਜਿਸ ਦਿਨ ਕਿਸਾਨ ਅੰਦੋਲਨ ਖ਼ਤਮ ਹੋਵੇਗਾ, ਉਸ ਦਿਨ ਜਮਹੂਰੀਅਤ ਦੀ ਜਿੱਤ ਹੋਵੇਗੀ: ਤੋਮਰ
ਨਵੀਂ ਦਿੱਲੀ: ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਜਿਸ ਦਿਨ ਕਿਸਾਨ ਆਪਣਾ ਅੰਦੋਲਨ ਖ਼ਤਮ ਕਰਨਗੇ, ਉਸ ਦਿਨ ਭਾਰਤੀ ਲੋਕਤੰਤਰ ਦੀ ਜਿੱਤ ਹੋਵੇਗੀ। ਤੋਮਰ ਨੇ ਕਿਹਾ ਕਿ ਕਿਸਾਨ ਆਗੂਆਂ ਨਾਲ 10ਵੇਂ ਗੇੜ ਦੀ ਗੱਲਬਾਤ ਦੌਰਾਨ ਅੱਜ ਕੁਝ ‘ਨਰਮ ਗਰਮ’ ਪਲ ਵੀ ਆਏ, ਪਰ ਉਂਜ ਮੀਟਿੰਗ ਕੁਲ ਮਿਲਾ ਕੇ ਸਾਜ਼ਗਾਰ ਮਾਹੌਲ ਵਿੱਚ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਲਈ ਮੁਅੱਤਲ ਕਰਨ ਲਈ ਤਿਆਰ ਹੈ ਤੇ ਇਸ ਅਰਸੇ ਦੌਰਾਨ ਆਪਸੀ ਸਹਿਮਤੀ ਨਾਲ ਕੋਈ ਹੱਲ ਕੱਢਿਆ ਜਾਵੇਗਾ। ਸਰਕਾਰ ਚਾਹੁੰਦੀ ਹੈ ਕਿ ਅੰਦੋਲਨ ਖ਼ਤਮ ਹੋਵੇ, ਪਰ ਇਸ ਦੌਰਾਨ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਜਾਰੀ ਰਹੇਗੀ। -ਪੀਟੀਆਈ