ਮੰਗਲੁਰੂ (ਕਰਨਾਟਕ), 28 ਨਵੰਬਰ
ਉਡੂਪੀ ਜ਼ਿਲ੍ਹੇ ਦੇ ਮਨੀਪਾਲ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਵੱਲੋਂ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਇੱਕ ਵਿਦਿਆਰਥੀ ਨੂੰ ਅਤਿਵਾਦੀ ਕਹਿ ਕੇ ਬੁਲਾਇਆ ਗਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਅਦ ਵਿੱਚ ਪ੍ਰੋਫੈਸਰ ਨੇ ਮੁਆਫ਼ੀ ਮੰਗ ਲਈ, ਜਿਸ ਮਗਰੋਂ ਮਨੀਪਾਲ ਇੰਸਟੀਚਿਊਟ ਆਫ ਟੈਕਨੋਲੋਜੀ (ਐੱਮਆਈਟੀ) ਦੇ ਪ੍ਰੋਫੈਸਰ ਅਤੇ ਵਿਦਿਆਰਥੀ ਦਰਮਿਆਨ ਮਾਮਲਾ ਸੁਲਝਾ ਲਿਆ ਗਿਆ। ਹਾਲਾਂਕਿ, ਟਿੱਪਣੀ ਕਾਰਨ ਪ੍ਰੋਫੈਸਰ ਨਾਲ ਭਿੜਨ ਵਾਲੇ ਵਿਦਿਆਰਥੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਯੂਨੀਵਰਸਿਟੀ ਨੇ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਪੂਰੀ ਹੋਣ ਤੱਕ ਪ੍ਰੋਫੈਸਰ ਨੂੰ ਕਲਾਸਾਂ ਲੈਣ ਤੋਂ ਵੀ ਰੋਕ ਦਿੱਤਾ ਗਿਆ ਹੈ। ਵਾਇਰਲ ਹੋਈ ਵੀਡੀਓ ਵਿੱਚ ਵਿਦਿਆਰਥੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਨੂੰ ਇਸ ਬੇਤੁਕੀ ਟਿੱਪਣੀ ਲਈ ਸਵਾਲ ਕਰਦਾ ਨਜ਼ਰ ਆ ਰਿਹਾ ਹੈ। ਪ੍ਰੋਫੈਸਰ ਸਪਸ਼ਟੀਕਰਨ ਦੇ ਰਿਹਾ ਹੈ ਕਿ ਉਸ ਨੇ ਇਹ ਟਿੱਪਣੀ ਮਜ਼ਾਕੀਆ ਲਹਿਜ਼ੇ ਵਿੱਚ ਕੀਤੀ ਸੀ। ਵਿਦਿਆਰਥੀ ਨੇ ਕਿਹਾ, ”26/11 ਕੋਈ ਮਜ਼ਾਕ ਨਹੀਂ। ਇਸ ਦੇਸ਼ ਵਿੱਚ ਮੁਸਲਮਾਨ ਹੋਣਾ ਅਤੇ ਹਰ ਰੋਜ਼ ਇਸ ਦਾ ਸਾਹਮਣਾ ਕਰਨਾ ਕੋਈ ਮਜ਼ਾਕ ਨਹੀਂ ਹੈ, ਸਰ। ਤੁਸੀਂ ਮੇਰੇ ਧਰਮ ਦਾ ਮਜ਼ਾਕ ਨਹੀਂ ਉਡਾ ਸਕਦੇ। ਉਹ ਵੀ ਅਪਮਾਨਜਨਕ ਤਰੀਕੇ ਨਾਲ।” -ਪੀਟੀਆਈ