Priyanka demands resignation of Gyanesh: ਗਿਆਨੇਸ਼ ਹੁਣੇ ਅਸਤੀਫਾ ਦੇਵੇ: ਪ੍ਰਿਯੰਕਾ
ਐੱਸ ਆਈ ਆਰ ਬਾਰੇ ਇਕਪਾਸੜ ਫ਼ੈਸਲੇ ਕਰਨ ਦਾ ਦੋਸ਼ ਲਾਇਆ
ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਆਪਣੀ ਮੰਗ ਦੁਹਰਾਉਂਦੇ ਹੋਏ ਕਿਹਾ ਕਿ ਗਿਆਨੇਸ਼ ਕੁਮਾਰ ਦਾ ਕਥਿਤ ਇਕ ਧਿਰ ਵੱਲ ਸਿਆਸੀ ਝੁਕਾਅ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਸੂਰਤ ਵਿੱਚ ਉਹ (ਗਿਆਨੇਸ਼ ਕੁਮਾਰ) ਨਿਰਪੱਖ ਚੋਣਾਂ ਕਿਵੇਂ ਕਰਵਾ ਸਕਦੇ ਹਨ? ਪ੍ਰਿਯੰਕਾ ਇਥੇ ਆਪਣੇ ਸੰਸਦੀ ਹਲਕੇ ਦੀ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਗਿਆਨੇਸ਼ ਕੁਮਾਰ ਵੱਲੋਂ ਕੇਰਲਾ ਦੇ ਸਾਬਕਾ ਮੁੱਖ ਸਕੱਤਰ ਜੀਜੀ ਥੌਮਸਨ ਨੂੰ 2019 ਦੀਆਂ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ ’ਤੇ ਲੜਨ ਦੀ ਗੁਜਾਰਿਸ਼ ਸਬੰਧੀ ਦੋਸ਼ਾਂ ਨੂੰ ਵਾਡਰਾ ਨੇ ‘ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਤੇ ਅਨੈਤਿਕ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਇਨ੍ਹਾਂ ਦੋਸ਼ਾਂ ਤੋਂ ਸਾਫ਼ ਹੈ ਕਿ ਚੋਣ ਪ੍ਰਣਾਲੀ ਤੇ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਸੰਸਥਾ ਦੇ ਸਿਖਰਲੇ ਅਹੁਦੇ ’ਤੇ ਬੈਠੇ ਲੋਕਾਂ ਦਾ ‘ਕਿਸੇ ਇਕ ਪਾਰਟੀ ਵੱਲ ਝੁਕਾਅ’ ਹੈ। ਇਹੀ ਨਹੀਂ ਉਹ ਪੂਰੀ ਸਰਗਰਮੀ ਨਾਲ ਇਨ੍ਹਾਂ ਪਾਰਟੀਆਂ ਲਈ ਪ੍ਰਚਾਰ ਵੀ ਕਰ ਰਹੇ ਹਨ। ਉਹ ਨਿਰਪੱਖ ਚੋਣਾਂ ਕਿਵੇਂ ਕਰਵਾ ਸਕਦੇ ਹਨ? ਇਹ ਉਨ੍ਹਾਂ ਕੰਮਾਂ ਦੀ ਕੜੀ ਹੈ, ਜੋ ਇਸ ਭੱਦਰ ਪੁਰਸ਼ (ਮੁੱਖ ਚੋਣ ਕਮਿਸ਼ਨਰ) ਨੇ ਕੀਤੇ ਹਨ ਅਤੇ ਜੋ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਤੇ ਗ਼ੈਰ-ਸੰਵਿਧਾਨਕ ਹਨ। ਉਸ ਨੂੰ ਹੁਣੇ ਅਸਤੀਫਾ ਦੇਣਾ ਚਾਹੀਦਾ ਹੈ।’’
ਕੌਕਰੋਚ ਪ੍ਰਦਰਸ਼ਨ ਨੂੰ ਹਮਾਇਤ ਦਿੱਤੀ
ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ ਕੌਕਰੋਚ ਜਨਤਾ ਪਾਰਟੀ ਵੱਲੋਂ 2 ਅਕਤੂਬਰ ਤੋਂ ਮੁੰਬਈ ’ਚ ਪ੍ਰਦਰਸ਼ਨ ਦੇ ਐਲਾਨ ਨੂੰ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਹਮਾਇਤ ਦਿੱਤੀ ਹੈ। ਵਾਂਗਚੁਕ ਨੇ ਕਿਹਾ ਕਿ ਚੋਣ ਪ੍ਰਕਿਰਿਆ ’ਚ ਜਵਾਬਦੇਹੀ ਤੈਅ ਕਰਨ ਦੀ ਮੰਗ ਨੂੰ ਹਮਾਇਤ ਦੀ ਲੋੜ ਹੈ। ਉਂਝ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅੰਦੋਲਨ ਦੌਰਾਨ ਹਾਜ਼ਰ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਚੋਣ ਅਮਲ ਜਮਹੂਰੀ ਮੁਲਕ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਉਸ ’ਚ ਸੁਧਾਰ ਦੀ ਲੋੜ ਹੈ। ਵਾਗਚੁਕ ਮੁਤਾਬਕ ਜੇ ਚੋਣ ਅਮਲ ’ਚ ਗੜਬੜੀ ਹੈ ਤਾਂ ਫਿਰ ਲੋਕਤੰਤਰ ਨਹੀਂ ਰਹਿੰਦਾ ਹੈ। ਉਨ੍ਹਾਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਵਾਅਦੇ ਵੀ ਪੂਰੇ ਕਰਨ ਦੀ ਮੰਗ ਕੀਤੀ।

