Private Data Misuse: ਨਿਜੀ ਡੇਟਾ ਦੀ ਦੁਰਵਰਤੋਂ ਰੋਕਣ ਲਈ ਕਦਮ ਚੁੱਕੇ ਜਾਣ: ਸੁਪਰੀਮ ਕੋਰਟ
ਸਿਖਰਲੀ ਅਦਾਲਤ ਦੀ ਕੇਂਦਰ ਨੂੰ ਹਦਾਇਤ; ਡੇਟਾ ਤੱਕ ਪ੍ਰਾੲੀਵੇਟ ਕੰਪਨੀਆਂ ਦੀ ਪਹੁੰਚ ’ਤੇ ਚਿੰਤਾ ਜਤਾੲੀ
ਸੁਪਰੀਮ ਕੋਰਟ ਨੇ ਈ ਪੀ ਐੱਫ ਓ ਅਤੇ ਆਮਦਨ ਕਰ ਰਿਕਾਰਡ ਨਾਲ ਸਬੰਧਤ ਸੰਵੇਦਨਸ਼ੀਲ ਨਿੱਜੀ ਡੇਟਾ ਤੱਕ ਪ੍ਰਾਈਵੇਟ ਕੰਪਨੀਆਂ ਦੀ ਪਹੁੰਚ ਨੂੰ ‘ਚਿੰਤਾਜਨਕ’ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਇਸ ਦੀ ਦੁਰਵਰਤੋਂ ਰੋਕਣ ਲਈ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਤਿਆਰ ਕਰਨ ’ਤੇ ਵਿਚਾਰ ਕਰਨ ਲਈ ਕਿਹਾ ਹੈ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੌਇਮਾਲਿਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇਸ ਮੁੱਦੇ ’ਤੇ ਪਿਊਸ਼ ਸ਼ਰਮਾ ਵੱਲੋਂ ਦਾਇਰ ਲੋਕ ਹਿਤ ਪਟੀਸ਼ਨ ’ਤੇ ਸੁਣਵਾਈ ਕੀਤੀ।
ਅਦਾਲਤ ਨੇ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਮੁੱਖ ਤੌਰ ’ਤੇ ਨੀਤੀ-ਨਿਰਮਾਣ ਦੇ ਖੇਤਰ ਵਿੱਚ ਆਉਂਦਾ ਹੈ। ਹਾਲਾਂਕਿ, ਬੈਂਚ ਨੇ ਕੇਂਦਰ ਨੂੰ ਮਾਹਿਰਾਂ ਦੀ ਮਦਦ ਨਾਲ ਇਸ ਸਬੰਧੀ ਢੁਕਵਾਂ ਸਿਸਟਮ ਬਣਾਉਣ ਦਾ ਸੁਝਾਅ ਦਿੱਤਾ। ਪਟੀਸ਼ਨਰ ਨੇ ਦੋਸ਼ ਲਾਇਆ ਸੀ ਕਿ ਨਿੱਜੀ ਤਸਦੀਕ ਪ੍ਰਣਾਲੀਆਂ ਰਾਹੀਂ ਪਰਮਾਨੈਂਟ ਅਕਾਉੂਂਟ ਨੰਬਰ (ਪੈਨ) ਅਤੇ ਯੂਨੀਵਰਸਲ ਅਕਾਊਂਟ ਨੰਬਰ (ਯੂ ਏ ਐਨ) ਵਰਗੇ ਵੇਰਵੇ ਦੇਣ ਨਾਲ ਉਸ ਦੀ ਪੂਰੀ ਨੌਕਰੀ ਸਬੰਧੀ ਜਾਣਕਾਰੀ ਸਾਹਮਣੇ ਆ ਗਈ। ਉਸ ਨੇ ਕਿਹਾ ਕਿ ਇਸ ਵਿੱਚ ਓ ਟੀ ਪੀ ਜਨਰੇਟ ਕਰਨ, ਸਪੱਸ਼ਟ ਸਹਿਮਤੀ ਲੈਣ ਜਾਂ ਅਧਿਕਾਰ-ਆਧਾਰਿਤ ਪਛਾਣ ਤਸਦੀਕ ਕਰਨ ਦੀ ਕੋਈ ਪ੍ਰਕਿਰਿਆ ਸ਼ਾਮਲ ਨਹੀਂ ਸੀ।
ਪਟੀਸ਼ਨ ਵਿੱਚ ਸਰਕਾਰੀ ਏਜੰਸੀਆਂ ਵੱਲੋਂ ਡੇਟਾ ਲੀਕ ਹੋਣ ਦਾ ਦੋਸ਼ ਨਹੀਂ ਲਾਇਆ ਗਿਆ। ਇਸ ਦੀ ਥਾਂ ਨਿੱਜੀ ਸੰਸਥਾਵਾਂ ਵੱਲੋਂ ਸਰਕਾਰੀ ਰਿਕਾਰਡਾਂ ਨਾਲ ਸਬੰਧਤ ਜਾਣਕਾਰੀ ਦੀ ਵਰਤੋਂ ’ਤੇ ਚਿੰਤਾ ਜਤਾਈ ਗਈ। ਪਟੀਸ਼ਨ ਵਿਚਲੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ, ਬੈਂਚ ਨੇ ਸਰਕਾਰ ਨੂੰ ‘ਪ੍ਰਾਈਵੇਟ ਕੰਪਨੀਆਂ ਵੱਲੋਂ ਨਿੱਜੀ ਡੇਟਾ ਦੀ ਦੁਰਵਰਤੋਂ ਰੋਕਣ ਲਈ ‘ਲੋੜੀਂਦੇ ਕਦਮ’ ਚੁੱਕਣ ਲਈ ਕਿਹਾ ਹੈ।

