ਵੱਕਾਰੀ ਇੰਡੀਅਨ ਇੰਸਟੀਚਿਊਟਸ ਆਫ ਟੈਕਨਾਲੋਜੀ (ਆਈ ਆਈ ਟੀਜ਼) ’ਚ ਐੱਮ ਟੈੱਕ ਅਤੇ ਪੀਐੱਚ ਡੀ ਕੋਰਸਾਂ ਦਾ ਛੇਤੀ ਹੀ ਪਾਠਕ੍ਰਮ ਬਦਲਿਆ ਜਾਵੇਗਾ। ਆਈ ਆਈ ਟੀ ਕੌਂਸਲ ਦੀ ਮੀਟਿੰਗ ਮਗਰੋਂ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਪ੍ਰੋਗਰਾਮਾਂ ਵੱਲੋਂ ਦਿੱਤੇ ਜਾ ਰਹੇ ਮੌਕਿਆਂ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇਗਾ। 23 ਪ੍ਰਮੁੱਖ ਇੰਜਨੀਅਰਿੰਗ ਸੰਸਥਾਵਾਂ ਦੀ ਸਰਵਉੱਚ ਤਾਲਮੇਲ ਸੰਸਥਾ ਆਈ ਆਈ ਟੀ ਕੌਂਸਲ ਨੇ ਦੋ ਸਾਲ ਤੋਂ ਵਧ ਦੇ ਵਕਫੇ ਮਗਰੋਂ ਪਿਛਲੇ ਸਾਲ ਅਗਸਤ ’ਚ ਆਪਣੀ ਬੈਠਕ ਦੌਰਾਨ ਇਹ ਫ਼ੈਸਲਾ ਕੀਤਾ। ਜੇ ਈ ਈ ਐਡਵਾਂਸਡ ਪ੍ਰੀਖਿਆ ਨੂੰ ਬਿਹਤਰ ਅਤੇ ਘਟ ਤਣਾਅਪੂਰਨ ਬਣਾਉਣ ਦੇ ਉਦੇਸ਼ ਨਾਲ ਆਈ ਆਈ ਟੀ ਕੌਂਸਲ ਨੇ ਪ੍ਰੀਖਿਆ ਨੂੰ ਸਰਲ ਬਣਾਉਣ ਦੀ ਸੰਭਾਵਨਾ ਲੱਭਣ ਦੀ ਸਿਫ਼ਾਰਿਸ਼ ਕੀਤੀ ਜਿਸ ’ਚ ਉਮੀਦਵਾਰ ਦੀ ਸਮਰੱਥਾ ਦੇ ਆਧਾਰ ’ਤੇ ਸਵਾਲ ਪੁੱਛੇ ਜਾਣ ਦੀ ਵਕਾਲਤ ਕੀਤੀ।
ਆਈ ਆਈ ਟੀ ਰੋਪੜ ਨੇ ਆਈ ਆਈ ਟੀਜ਼ ’ਚ ਡਾਟਕਰੇਟ ਸਿੱਖਿਆ ’ਚ ਵਿਆਪਕ ਸੁਧਾਰ ਦੀ ਤਜਵੀਜ਼ ਰੱਖੀ ਹੈ ਤਾਂ ਜੋ ਪੀਐੱਚ ਡੀ ਦੇ ਲੰਮੇ ਸਮੇਂ, ਪ੍ਰਸ਼ਾਸਨਿਕ ਦੇਰੀ, ਸੀਮਤ ਮਾਰਗਦਰਸ਼ਨ ਅਤੇ ਘਟ ਵਰਤੇ ਗਏ ਬੁਨਿਆਦੀ ਢਾਂਚੇ ਜਿਹੀਆਂ ਲਗਾਤਾਰ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ। ਕੌਂਸਲ ਨੇ ਆਈ ਆਈ ਟੀਜ਼ ’ਚ ਪਾਠਕ੍ਰਮ, ਮੁਲਾਂਕਣ ਅਤੇ ਖੋਜ ਬਾਰੇ ਮਸਨੂਈ ਬੌਧਿਕਤਾ (ਏ ਆਈ) ’ਤੇ ਪੈਣ ਵਾਲੇ ਅਸਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

