ਸ੍ਰੀਨਗਰ/ਨਵੀਂ ਦਿੱਲੀ, 10 ਅਗਸਤ
ਜੰਮੂ ਕਸ਼ਮੀਰ ’ਚ ਤਿਰੰਗਾ ਲਹਿਰਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕੌਮੀ ਝੰਡਾ ਲਹਿਰਾਉਣ ਲਈ ਲੋਕਾਂ ’ਚ ਕਾਫੀ ਉਤਸ਼ਾਹ ਹੈ। ਇਸ ਅਧਿਕਾਰਤ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਬੁਲਾਰੇ ਨੇ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜੰਮੂ ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਵੱਖ ਵੱਖ ਵਿਭਾਗਾਂ ਤੇ ਸਕੂਲਾਂ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਜੰਮੂ ਕਸ਼ਮੀਰ ’ਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਸਮਾਗਮ ਮੌਕੇ ਹਰ ਘਰ ਤੇ ਦਫ਼ਤਰ ’ਚ ਤਿਰੰਗਾ ਲਹਿਰਾਇਆ ਜਾ ਸਕੇ।’ ਇਸੇ ਦੌਰਾਨ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ‘ਹਰ ਘਰ ਤਿਰੰਗਾ’ ਸਮੇਤ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ‘ਚਿੱਤਰ ਰੱਥ’ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਦੂਜੇ ਪਾਸੇ ਅਸਾਮ ’ਚ ‘ਹਰ ਘਰ ਤਿਰੰਗਾ’ ਮੁਹਿੰਮ ਲਈ ਹੁਣ ਤੱਕ 16.07 ਕਰੋੜ ਰੁਪਏ ਤੋਂ ਵੱਧ ਮੁੱਲ ਦੇ 53 ਲੱਖ ਤੋਂ ਵੱਧ ਤਿਰੰਗੇ ਵਿਕ ਚੁੱਕੇ ਹਨ। -ਪੀਟੀਆਈ
ਧਾਮੀ ਨੇ ਭਾਰਤ-ਚੀਨ ਸਰਹੱਦ ਨੇੜਲੇ ਪਿੰਡ ’ਚ ਕੀਤਾ ਸਮਾਗਮ
ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਅੱਜ ਚਮੋਲੀ ਜ਼ਿਲ੍ਹੇ ’ਚ ਭਾਰਤ-ਚੀਨ ਸਰਹੱਦ ਨਾਲ ਲੱਗਦੇ ਪਿੰਡ ਮਲਾਰੀ ’ਚ ਫੌਜ ਦੇ ਜਵਾਨਾਂ, ਆਈਟੀਬੀਪੀ, ਬੀਆਰਓ ਦੇ ਜਵਾਨਾਂ ਤੇ ਸਥਾਨਕ ਲੋਕਾਂ ਨਾਲ ‘ਹਰ ਘਰ ਤਿਰੰਗਾ’ ਪ੍ਰੋਗਰਾਮ ’ਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਮਲਾਰੀ ਪਿੰਡ ਤੋਂ ਇਲਾਵਾ ਹੋਰ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ। ਮੁੱਖ ਮੰਤਰੀ ਨੇ ਕਿਹਾ ਸਰਹੱਦਾਂ ’ਤੇ ਪਹਿਰੇਦਾਰਾਂ ਵਾਂਗ ਕੰਮ ਕਰਨ ਵਾਲੇ ਲੋਕਾਂ ਤੇ ਜਵਾਨਾਂ ਕਾਰਨ ਹੀ ਸਾਰੇ ਸੁਰੱਖਿਅਤ ਹਨ। -ਪੀਟੀਆਈ
ਆਜ਼ਾਦੀ ਦਿਹਾੜੇ ਮੌਕੇ 21 ਤੋਪਾਂ ਦੀ ਸਲਾਮੀ ਲਈ ‘ਹੋਵਿਟਜ਼ਰ’ ਦਾਗ਼ੇਗੀ ਗੋਲੇ
ਨਵੀਂ ਦਿੱਲੀ: ਰੱਖਿਆ ਸਕੱਤਰ ਅਜੈ ਕੁਮਾਰ ਨੇ ਅੱਜ ਕਿਹਾ ਕਿ ਲਾਲ ਕਿਲ੍ਹੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਲਈ 21 ਤੋਪਾਂ ਦੀ ਸਲਾਮੀ ਲਈ ਦੇਸ਼ ਵਿੱਚ ਹੀ ਨਿਰਮਤ ਹੋਵਿਟਜ਼ਰ ਗੰਨ ਦੀ ਵਰਤੋਂ ਕੀਤੀ ਜਾਵੇਗੀ। ਐਤਕੀਂ ਪਹਿਲੀ ਵਾਰ ਇਸ ਰਸਮ ਲਈ ਹੋਵਿਟਜ਼ਰ ਤੋਪਾਂ ਨੂੰ ਵਰਤਿਆ ਜਾਵੇਗਾ। ਐਡਵਾਂਸਡ ਟੋਅਡ ਆਰਟਿਲਰੀ ਗੰਨ ਸਿਸਟਮ (ਏਟੀਏਜੀਐੱਸ) ਨੂੰ ‘ਮੇਕ ਇਨ ਇੰਡੀਆ’ ਪੇਸ਼ਕਦਮੀ ਤਹਿਤ ਰੱਖਿਆ ਖੋਜ ਤੇ ਵਿਕਾਸ ਸੰਸਥਾ ਵੱਲੋਂ ਵਿਕਸਤ ਕੀਤਾ ਗਿਆ ਹੈ। ਕੁਮਾਰ ਨੇ ਕਿਹਾ ਕਿ ਏਟੀਏਜੀਐੱਸ, ਬਰਤਾਨਵੀ ਤੋਪਾਂ ਨਾਲ ਰਸਮੀ 21 ਤੋਪਾਂ ਦੀ ਸਲਾਮੀ ਦੇਣਗੀਆਂ। -ਪੀਟੀਆਈ
ਤਿਰੰਗੇ ਨਾਲ ਕਾਰ ਸਾਫ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਭਦਰਵਾਹ/ਜੰਮੂ: ਡੋਡਾ ਜ਼ਿਲ੍ਹੇ ’ਚ ਇੱਕ ਵਾਹਨ ਮੁਰੰਮਤ ਦੀ ਦੁਕਾਨ ਵਿੱਚ ਤਿਰੰਗੇ ਨਾਲ ਗੱਡੀਆਂ ਸਾਫ਼ ਕਰਨ ਦੇ ਦੋਸ਼ ਹੇਠ ਇੱਕ ਮਕੈਨਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੋਡਾ ਦੇ ਐੱਸਐੱਸਪੀ ਅਬਦੁਲ ਕਯੂਮ ਨੇ ਕਿਹਾ ਕਿ ਕੌਮੀ ਝੰਡੇ ਦੀ ਬੇਅਦਬੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਉਨ੍ਹਾਂ ਤੁਰੰਤ ਕੇਸ ਦਰਜ ਕਰਕੇ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ