Hyderabad-Chandigarh flight ਵਿੱਚ ਫਟਿਆ ਪਾਵਰ ਬੈਂਕ, 198 ਯਾਤਰੀ ਐਮਰਜੈਂਸੀ ਬਾਹਰ ਕੱਢੇ
ਹੈਦਰਾਬਾਦ ਤੋਂ ਚੰਡੀਗਡ਼੍ਹ ਪਹੁੰਚਿਆ ਸੀ ਜਹਾਜ਼; ਐਮਰਜੈਂਸੀ ਦਰਵਾਜ਼ਿਆਂ ਰਾਹੀਂ ਬਾਹਰ ਕੱਢੇ ਯਾਤਰੀ, ਕਈਆਂ ਦੇ ਸੱਟਾਂ ਲੱਗੀਆਂ
ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਵਿਖੇ ਅੱਜ ਦੁਪਹਿਰ ਕਰੀਬ 3:30 ਵਜੇ ਹੈਦਰਾਬਾਦ-ਚੰਡੀਗੜ੍ਹ ਫਲਾਈਟ ਦੇ 198 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਐਮਰਜੈਂਸੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਇਹ ਕਾਰਵਾਈ ਇੱਕ ਯਾਤਰੀ ਦੇ ਪਾਵਰ ਬੈਂਕ ਵਾਲੇ ਬੈਗ ਵਿੱਚ ਮਾਮੂਲੀ ਧਮਾਕਾ ਹੋਣ ਕਾਰਨ ਜਹਾਜ਼ ਵਿੱਚ ਧੂੰਆਂ ਫੈਲਣ ਤੋਂ ਬਾਅਦ ਕੀਤੀ ਗਈ। ਜਹਾਜ਼ ਵਿੱਚ 198 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸਲਾਈਡਰਾਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ।
ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਕਰੀਬ ਸਾਢੇ ਤਿੰਨ ਵਜੇ ਉਤਰੀ ਉਡਾਣ ਜੋ ਕਿ ਹੈਦਰਾਬਾਦ ਤੋਂ ਆਈ ਸੀ, ਵਿੱਚ ਇੱਕ ਯਾਤਰੀ ਦਾ ਪਾਵਰਬੈਂਕ ਫਟਣ ਨਾਲ ਮਾਮੂਲੀ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਇੰਡੀਗੋ ਦੀ ਉਡਾਣ 6ਈ 108 ਵਿਚ ਅਫ਼ਰਾ-ਤਫ਼ਰੀ ਮਚ ਗਈ ਤੇ ਯਾਤਰੀਆਂ ਨੂੰ ਐਮਰਜੈਂਸੀ ਦਰਵਾਜ਼ੇ ਖੋਲ੍ਹ ਕੇ ਸਲਾਈਡਰਾਂ ਰਾਹੀਂ ਬਾਹਰ ਕੱਢਿਆ ਗਿਆ। ਸਲਾਈਡਰਾਂ ਰਾਹੀਂ ਕਾਹਲੀ ’ਚ ਉਤਰਨ ਸਮੇਂ ਇੱਕ ਔਰਤ ਦਾ ਗਿੱਟਾ ਟੁੱਟ ਗਿਆ ਅਤੇ ਤਿੰਨ-ਚਾਰ ਹੋਰ ਯਾਤਰੀਆਂ ਨੂੰ ਵੀ ਕੂਹਣੀਆਂ ’ਤੇ ਝਰੀਟਾਂ ਲੱਗੀਆਂ। ਜ਼ਖ਼ਮੀ ਔਰਤ ਨੂੰ ਐਂਬੂਲੈਂਸ ਰਾਹੀਂ ਜ਼ੀਰਕਪੁਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਵਿਚ ਦੋ ਬੱਚਿਆਂ ਸਮੇਤ 198 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਅਚਾਨਕ ਮਾਮੂਲੀ ਧਮਾਕਾ ਹੋਇਆ। ਸਬੰਧਤ ਯਾਤਰੀ ਨੇ ਇਸ ਬਾਰੇ ਤੁਰੰਤ ਚਾਲਕ ਦਲ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕੀਤੀ। ਇਸੇ ਦੌਰਾਨ ਸਵਾਰੀਆਂ ਨੇ ਘਬਰਾਹਟ ਵਿੱਚ ਰੌਲਾ ਪਾ ਦਿੱਤਾ ਤੇ ਚਾਲਕ ਦਲ ਨੂੰ ਐਮਰਜੈਂਸੀ ਦਰਵਾਜ਼ਿਆਂ ਦੀਆਂ ਸਲਾਈਡਰਾਂ ਸਹਾਰੇ ਸਾਰੇ ਯਾਤਰੀਆਂ ਨੂੰ ਬਾਹਰ ਕੱਢਣਾ ਪਿਆ। ਇਸ ਮੌਕੇ ਫਾਇਰ ਬ੍ਰਿਗੇਡ ਵੀ ਪਹੁੰਚੀ, ਪਰ ਉਸ ਦੀ ਵਰਤੋਂ ਦੀ ਲੋੜ ਨਹੀਂ ਪਈ।
ਜਹਾਜ਼ ਵਿਚ ਸਫ਼ਰ ਕਰ ਰਹੀ ਇੱਕ ਔਰਤ ਨੇ ਦੱਸਿਆ ਕਿ ਸਬੰਧਤ ਯਾਤਰੀ ਦੋ ਘੰਟੇ 20 ਮਿੰਟ ਦੀ ਉਡਾਣ ਦੌਰਾਨ ਪਾਵਰਬੈਂਕ ਨਾਲ ਲਗਾਤਾਰ ਮੋਬਾਈਲ ਦੀ ਵਰਤੋਂ ਕਰਦਾ ਆਇਆ। ਉਨ੍ਹਾਂ ਕਿਹਾ ਕਿ ਜਦੋਂ ਪਾਵਰਬੈਂਕ ਦੀ ਵਰਤੋਂ ਬੰਦ ਹੈ ਤਾਂ ਫਿਰ ਚਾਲਕ ਦਲ ਨੇ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ। ਇੱਕ ਹੋਰ ਬਜ਼ੁਰਗ ਯਾਤਰੀ ਨੇ ਕਿਹਾ ਕਿ ਅੱਗ ਦੇ ਧੂੰਏਂ ਵਰਗੀ ਮੁਸ਼ਕ ਆਉਣ ਨਾਲ ਹੀ ਯਾਤਰੀ ਡਰ ਗਏ ਤੇ ਇੱਕ ਦੂਜੇ ਤੋਂ ਪਹਿਲਾਂ ਉਤਰਨ ਦੀ ਕਾਹਲ ਵਿਚ ਹੀ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਸੀਟ ਨੰਬਰ 39C 'ਤੇ ਬੈਠੇ ਯਾਤਰੀ ਨੇ ਚਾਲਕ ਦਲ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਚਾਲਕ ਦਲ ਨੇ ਅੱਗ ਬੁਝਾਊ ਯੰਤਰ ਨਾਲ ਜਵਾਬ ਦਿੱਤਾ, ਪਰ ਜਹਾਜ਼ ਦੇ ਬੇਅ 1 (Bay 1) 'ਤੇ ਪਹੁੰਚਣ ਤੱਕ ਧੂੰਆਂ ਪੂਰੇ ਕੈਬਿਨ ਵਿੱਚ ਫੈਲ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਨੇ ਐਮਰਜੈਂਸੀ ਗੇਟ ਖੋਲ੍ਹਿਆ ਅਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ।
ਯਾਤਰੀਆਂ ਨੇ ਸਲਾਈਡਰ ਰਾਹੀਂ ਉਤਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਇੱਕ ਮਹਿਲਾ ਯਾਤਰੀ ਦੇ ਗਿੱਟੇ ਦੀ ਹੱਡੀ ਖਿਸਕ ਗਈ। ਏਅਰ ਫੋਰਸ ਦਾ ਇੱਕ ਅੱਗ ਬੁਝਾਊ ਟਰੱਕ ਤੁਰੰਤ ਮੌਕੇ 'ਤੇ ਪਹੁੰਚਿਆ ਪਰ ਉਸ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਦੋਂ ਤੱਕ ਧੂੰਆਂ ਖਤਮ ਹੋ ਚੁੱਕਾ ਸੀ। ਏਅਰਪੋਰਟ ਦੇ ਸੀਈਓ ਅਜੇ ਵਰਮਾ ਨੇ ਕਿਹਾ, "ਏਅਰਲਾਈਨ ਤੋਂ ਵਿਸਤ੍ਰਿਤ ਰਿਪੋਰਟ ਦੀ ਉਡੀਕ ਹੈ।"
ਧਮਾਕੇ ਕਾਰਨ ਪੈਦਾ ਹੋਏ ਮਾਮੂਲੀ ਡਰ ਤੋਂ ਬਾਅਦ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜਹਾਜ਼ ਦੇ ਰੁਕਣ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਯਾਤਰੀਆਂ ਨੂੰ ਫਲਾਈਟ ਤੋਂ ਬਾਹਰ ਕੱਢਣਾ ਪਿਆ। ਇੰਡੀਗੋ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਯਾਤਰੀਆਂ ਅਤੇ ਚਾਲਕ ਦਲ ਨੂੰ ਜਹਾਜ਼ ਤੋਂ ਬਾਹਰ ਕੱਢਣ ਲਈ ਐਮਰਜੈਂਸੀ ਪ੍ਰੋਟੋਕੋਲ ਦੀ ਪਾਲਣਾ ਕੀਤੀ। ਏਅਰਪੋਰਟ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਧਮਾਕਾ 39A ਸੀਟ 'ਤੇ ਬੈਠੇ ਯਾਤਰੀ ਦੇ ਬੈਗ ਵਿੱਚ ਹੋਇਆ ਸੀ।
ਘਟਨਾ ਵਾਪਰਨ ਤੋਂ ਬਾਅਦ ਇੱਕ ਘੰਟਾ ਦੇਰੀ ਨਾਲ ਉਡਾਣ ਹੈਦਰਾਬਾਦ ਲਈ ਰਵਾਨਾ ਕਰ ਦਿੱਤੀ ਗਈ।

