ਨਵੀਂ ਦਿੱਲੀ, 16 ਮਈ
ਕਾਂਗਰਸੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕਰਨ ਵਾਲੇ ਕਥਿਤ ਪੋਸਟਰ ਲਾਉਣ ’ਤੇ ਕੁਝ ਲੋਕਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਕੋਵਿਡ-19 ਦੇ ਟੀਕਿਆਂ ਦੀ ਬਰਾਮਦ ’ਤੇ ਸਵਾਲ ਪੁੁੱਛਣ ਨੂੰ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ।
ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸੀ ਨੇਤਾਵਾਂ ਨੇ ਟਵਿੱਟਰ ’ਤੇ ਆਪਣੀਆਂ ਪ੍ਰੋਫਾਈਲ ਤਸਵੀਰਾਂ ਅਜਿਹੇ ਪੋਸਟਰ ’ਚ ਬਦਲ ਦਿੱਤੀਆਂ ਹਨ, ਜਿਨ੍ਹਾਂ ਵਿੱਚ ਇਹ ਸਵਾਲ ਕੀਤਾ ਗਿਆ ਹੈ ਕਿ ਕਰੋਨਾ ਦੇ ਟੀਕੇ ਵਿਦੇਸ਼ ਕਿਉਂ ਭੇਜੇ ਗਏ। ਵਿਰੋਧੀ ਨੇਤਾਵਾਂ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਟੀਕੇ, ਦਵਾਈਆਂ ਅਤੇ ਆਕਸੀਜਨ ਨਾ ਮਿਲੀ ਤਾਂ ਪ੍ਰਧਾਨ ਮੰਤਰੀ ਨੂੰ ਤਿੱਖੇ ਸਵਾਲ ਪੁੱਛੇ ਜਾਣਗੇ। ਰਾਹੁਲ ਗਾਂਧੀ ਨੇ ਟਵੀਟ ’ਚ ਇਕ ਪੋਸਟਰ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਹੈ, ‘ਮੋਦੀ ਜੀ, ਤੁਸੀਂ ਸਾਡੇ ਬੱਚਿਆਂ ਦੇ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ?’ ਰਾਹੁਲ ਨੇ ਲਿਖਿਆ, ‘ਮੈਨੂੰ ਵੀ ਗ੍ਰਿਫ਼ਤਾਰ ਕਰੋ।’ ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੇ ਘਰ ਦੀ ਕੰਧ ’ਤੇ ਪੋਸਟਰ ਲਾ ਰਹੇ ਹਨ। ਉਨ੍ਹਾਂ ਸਵਾਲ ਕੀਤਾ, ‘ਪ੍ਰਧਾਨ ਮੰਤਰੀ ਖ਼ਿਲਾਫ਼ ਆਲੋਚਨਾਤਮਕ ਪੋਸਟਰ ਲਾਉਣਾ ਗੁਨਾਹ ਹੈੈ? ਕੀ ਹੁਣ ਭਾਰਤ ਨੂੰ ਮੋਦੀ ਪੀਨਲ ਕੋਡ ਦੁਆਰਾ ਚਲਾਇਆ ਜਾ ਰਿਹਾ ਹੈੈੈ? ਕੀ ਦਿੱਲੀ ਪੁਲੀਸ ਇਸ ਖ਼ਤਰਨਾਕ ਮਹਾਮਾਰੀ ਦੌਰਾਨ ਇੰਨੀ ਬੇਰੁਜ਼ਗਾਰ ਹੈ? -ਏਜੰਸੀ