ਲੋਕ ਸਭਾ ’ਚ ਮਹਿਲਾ ਰਾਖਵਾਂਕਰਨ ਸੋਧ ਬਿੱਲ ਪਾਸ ਨਾ ਹੋਣ ਕਰ ਕੇ ਡਾਢੇ ਨਿਰਾਸ਼ ਦਿਖਾਈ ਦੇ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਔਰਤਾਂ ਦੇ ਸੁਫਨੇ ਤੋੜ ਦਿੱਤੇ ਹਨ। ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਕਾਂਗਰਸ, ਡੀ ਐੱਮ ਕੇ ਅਤੇ ਟੀ ਐੱਮ ਸੀ ਵਰਗੀਆਂ ਪਾਰਟੀਆਂ ਦੀ ਸੌੜੀ ਸਿਆਸਤ ਕਾਰਨ ਲੋਕ ਸਭਾ ’ਚ ਮਹਿਲਾ ਰਾਖਵਾਂਕਰਨ ਬਿੱਲ ਡਿੱਗ ਗਿਆ। ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੱਤੀ ਕਿ ਉਹ ਲੋਕ ਸਭਾ ਦੀਆਂ ਮੌਜੂਦਾ ਸੀਟਾਂ ਮੁਤਾਬਕ ਔਰਤਾਂ ਲਈ ਰਾਖਵਾਂਕਰਨ ਲਾਗੂ ਕਰਨ ਵਾਸਤੇ ਭਲਕੇ ਸੰਸਦ ’ਚ ਬਿੱਲ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬਿੱਲ ਦੀ ਪੂਰੀ ਹਮਾਇਤ ਕਰੇਗੀ। ਉਨ੍ਹਾਂ ਪ੍ਰਧਾਨ ਮੰਤਰੀ ਦੇ ਰਾਸ਼ਟਰ ਸੰਬੋਧਨ ਨੂੰ ‘ਸੰਕਟ ਸੰਬੋਧਨ’ ਕਰਾਰ ਦਿੱਤਾ।
ਉਨ੍ਹਾਂ ਦੇਸ਼ ਦੀਆਂ ਸਾਰੀਆਂ ਔਰਤਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ, ‘‘ਅੱਜ ਭਾਰਤ ਦਾ ਹਰੇਕ ਨਾਗਰਿਕ ਦੇਖ ਰਿਹਾ ਹੈ ਕਿ ਕਿਵੇਂ ਔਰਤਾਂ ਦੇ ਅਗਾਂਹ ਵਧਣ ਦੇ ਮੌਕੇ ਨੂੰ ਰੋਕ ਦਿੱਤਾ ਗਿਆ ਹੈ। ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਸਫਲ ਨਹੀਂ ਹੋ ਸਕੇ। ਔਰਤਾਂ ਨੇ ਕਾਂਗਰਸ, ਟੀ ਐੱਮ ਸੀ ਅਤੇ ਡੀ ਐੱਮ ਕੇ ਵਰਗੀਆਂ ਪਾਰਟੀਆਂ ਨੂੰ ਆਪਣੀ ਸੌੜੀ ਸਿਆਸਤ ਦਾ ਜਸ਼ਨ ਮਨਾਉਂਦਿਆਂ ਦੇਖਿਆ ਹੈ। ਵਿਰੋਧੀ ਧਿਰਾਂ ਨੇ ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰ ਕੇ ਪਾਪ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲੇਗੀ। ਬਿੱਲ ਡੇਗ ਕੇ ਵਿਰੋਧੀ ਪਾਰਟੀਆਂ ਨੇ ਸਾਡੇ ਸੰਵਿਧਾਨ ਦਾ ਅਪਮਾਨ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਆਸ ਸੀ ਕਿ ਉਹ ਪਿਛਲੀਆਂ ਗ਼ਲਤੀਆਂ ਤੋਂ ਸਬਕ ਲਵੇਗੀ ਪਰ ਉਹ ਨਵਾਂ ਇਤਿਹਾਸ ਲਿਖਣ ਦਾ ਮੌਕਾ ਗੁਆ ਬੈਠੀ ਹੈ। ਉਨ੍ਹਾਂ ਉੱਤਰ-ਦੱਖਣ ਪਾੜੇ ਬਾਰੇ ਝੂਠ ਫੈਲਾਉਣ ਲਈ ਵੀ ਕਾਂਗਰਸ ਨੂੰ ਘੇਰਿਆ। ਇਸ ਤੋਂ ਪਹਿਲਾਂ ਤਾਮਿਲ ਨਾਡੂ ਦੇ ਕੋਇੰਬਟੂਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਸੋਧ ਬਿੱਲ ਉਨ੍ਹਾਂ ਦੀ ਸਰਕਾਰ ਦਾ ਨੇਕ ਯਤਨ ਸੀ ਜੋ ਡੀ ਐੱਮ ਕੇ ਤੇ ਕਾਂਗਰਸ ਕਰ ਕੇ ‘ਪਟੜੀ ਤੋਂ ਉਤਰ ਗਿਆ’ ਤੇ ਇਸ ਨੂੰ ‘ਨਫ਼ਰਤ ਤੇ ਸੌੜੀ ਰਾਜਨੀਤੀ ਦਾ ਸ਼ਿਕਾਰ’ ਬਣਾ ਦਿੱਤਾ ਗਿਆ। ਉੱਧਰ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਇਤਿਹਾਸ ਰਚਣ ਤੋਂ ਖੁੰਝ ਗਈਆਂ ਹਨ। ਔਰਤਾਂ ਨੂੰ ਢੁੱਕਵਾਂ ਮੁਕਾਮ ਦਿਵਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਬਜਟ ਇਜਲਾਸ ਖ਼ਤਮ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸੋਧ ਬਿੱਲ ਭਾਵੇਂ ਪਾਸ ਨਹੀਂ ਹੋ ਸਕਿਆ ਪਰ ਉਹ ਇਸ ਨੂੰ ਨਾਕਾਮੀ ਨਹੀਂ ਮੰਨਦੇ ਹਨ। ਸਰਕਾਰ ਅਤੇ ਹੁਕਮਰਾਨ ਗੱਠਜੋੜ ਵੱਲੋਂ ਔਰਤਾਂ ਨੂੰ ਸਨਮਾਨ ਦੇਣ ਅਤੇ ਤਾਕਤਵਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਅਸੀਂ ਵਿਰੋਧੀ ਧਿਰ ਨੂੰ ਧੱਕੇ ਨਾਲ ਕਿਸੇ ਬਿੱਲ ਦੇ ਪੱਖ ’ਚ ਮੱਤਦਾਨ ਕਰਨ ਲਈ ਮਜਬੂਰ ਨਹੀਂ ਕਰ ਸਕਦੇ। ਵੋਟਿੰਗ ਲੋਕਤੰਤਰੀ ਢੰਗ ਨਾਲ ਹੋਈ ਹੈ। ਕੇਂਦਰੀ ਮੰਤਰੀ ਸ਼ੋਭਾ ਕਰਾਂਦਲਜੇ ਨੇ ਕਿਹਾ ਕਿ ਔਰਤਾਂ ਨੂੰ ਰਾਖਵਾਂਕਰਨ ਮਿਲਣਾ ਸੀ ਪਰ ਉਹ ਮੌਕਾ ਖੁੰਝ ਗਈਆਂ ਹਨ। ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਆਪਣੇ ਸਟੈਂਡ ਤੋਂ ਪਿੱਛੇ ਹਟ ਗਏ ਹਨ। ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਜਗੀਰੂ ਮਾਨਸਿਕਤਾ ਉਜਾਗਰ ਹੋ ਗਈ ਹੈ ਅਤੇ ਉਸ ਨੇ ਔਰਤਾਂ ਦੀਆਂ ਖਾਹਿਸ਼ਾਂ ਨੂੰ ਬੂਰ ਨਹੀਂ ਪੈਣ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ।
ਫੈਡਰਲ ਢਾਂਚਾ ਬਦਲਣ ਦੀ ਸਾਜ਼ਿਸ਼ ਨਾਕਾਮ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ’ਤੇ ਮਹਿਲਾ ਰਾਖਵੇਂਕਰਨ ਦੀ ਆੜ ਹੇਠ ਦੇਸ਼ ਦੇ ਫੈਡਰਲ ਢਾਂਚੇ ’ਚ ਤਬਦੀਲੀ ਦੀ ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੰਵਿਧਾਨ ਸੋਧ ਬਿੱਲ ਲੋਕ ਸਭਾ ’ਚ ਡਿੱਗਣ ਨਾਲ ਸੰਵਿਧਾਨ ਅਤੇ ਵਿਰੋਧੀ ਧਿਰ ਦੀ ਏਕਤਾ ਦੀ ਜਿੱਤ ਹੋਈ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਵਿਰੋਧੀ ਧਿਰ ਮਹਿਲਾਵਾਂ ਦੇ ਰਾਖਵੇਂਕਰਨ ਖ਼ਿਲਾਫ਼ ਨਹੀਂ ਹੈ ਅਤੇ ਜੇ ਸਰਕਾਰ ਲੋਕ ਸਭਾ ਦੀਆਂ ਮੌਜੂਦਾ ਸੀਟਾਂ ਦੇ ਆਧਾਰ ’ਤੇ ਇਸ ਨੂੰ ਫ਼ੌਰੀ ਲਾਗੂ ਕਰਦੀ ਹੈ ਤਾਂ ਉਹ ਮਹਿਲਾ ਰਾਖਵਾਂਕਰਨ ਐਕਟ-2023 ਦੀ ਹਮਾਇਤ ਕਰਨਗੇ। ਇਹ ਸਰਕਾਰ ਲਈ ‘ਕਾਲਾ ਦਿਨ’ ਸੀ ਕਿਉਂਕਿ ਮੋਦੀ ਸਰਕਾਰ ਦੇ ਕਾਰਜਕਾਲ ’ਚ ਪਹਿਲੀ ਵਾਰ ਸੰਸਦ ’ਚ ਕੋਈ ਬਿੱਲ ਡਿੱਗਿਆ ਹੈ।
ਪ੍ਰਿਯੰਕਾ ਨੇ ਕਿਹਾ, ‘‘ਪੂਰੀ ਸਾਜ਼ਿਸ਼ ਘੜੀ ਗਈ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਪੱਕੇ ਤੌਰ ’ਤੇ ਸੱਤਾ ਕਾਇਮ ਰਹੇ। ਔਰਤਾਂ ਦਾ ‘ਮਸੀਹਾ’ ਬਣਨ ਦੀ ਕੋਸ਼ਿਸ਼ ਕੀਤੀ ਗਈ ਅਤੇ ਦੇਸ਼ ਦੇ ਲੋਕ ਉਨ੍ਹਾਂ ਦੇ ਇਰਾਦਿਆਂ ਨੂੰ ਖੁਦ ਸਮਝ ਸਕਦੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ 2029 ਦੀਆਂ ਚੋਣਾਂ ’ਚ ਆਪਣੇ ਲਾਹੇ ਲਈ ਬਿੱਲ ਦੀ ਵਰਤੋਂ ਕਰਨਾ ਚਾਹੁੰਦੀ ਸੀ। ਸ਼ੁੱਕਰਵਾਰ ਨੂੰ ਜੋ ਕੁਝ ਹੋਇਆ, ਉਹ ਲੋਕਤੰਤਰ ਲਈ ਬਹੁਤ ਹੀ ਅਹਿਮ ਜਿੱਤ ਹੈ। ਇਹ ਸੰਵਿਧਾਨ, ਦੇਸ਼ ਅਤੇ ਵਿਰੋਧੀ ਧਿਰ ਦੇ ਏਕੇ ਦੀ ਜਿੱਤ ਹੈ। ਇਸ ਦਾ ਅੰਦਾਜ਼ਾ ਹੁਕਮਰਾਨ ਧਿਰ ਦੇ ਆਗੂਆਂ ਦੇ ਚਿਹਰਿਆਂ ਤੋਂ ਸਾਫ਼ ਲਾਇਆ ਜਾ ਸਕਦਾ ਸੀ। ਇਕ ਹੋਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਵਿਰੋਧੀ ਧਿਰ ਮਹਿਲਾ ਰਾਖਵੇਂਕਰਨ ਦੇ ਪੱਖ ’ਚ ਹੈ ਅਤੇ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਨਿਆਏ ਪੱਤਰ (ਚੋਣ ਮਨੋਰਥ ਪੱਤਰ) ’ਚ ਵੀ ਇਹ ਲਾਗੂ ਕਰਨ ਦੀ ਮੰਗ ਕੀਤੀ ਸੀ। -ਪੀਟੀਆਈ

