ਟਰੈਕਟਰ ਪਰੇਡ ਹਿੰਸਾ: ਦਿੱਲੀ ਪੁਲੀਸ ਵੱਲੋਂ ਡਾ. ਦਰਸ਼ਨਪਾਲ ਨੂੰ ਨੋਟਿਸ

ਆਗੂਆਂ ਨੇ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੰਮ ਕੀਤਾ: ਦਿੱਲੀ ਪੁਲੀਸ

ਟਰੈਕਟਰ ਪਰੇਡ ਹਿੰਸਾ: ਦਿੱਲੀ ਪੁਲੀਸ ਵੱਲੋਂ ਡਾ. ਦਰਸ਼ਨਪਾਲ ਨੂੰ ਨੋਟਿਸ

ਦਿੱਲੀ ਪੁਲੀਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ।

ਨਵੀਂ ਦਿੱਲੀ, 27 ਜਨਵਰੀ

ਦਿੱਲੀ ਪੁਲੀਸ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨਪਾਲ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਕਿਉਂ ਨਾ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦਿੱਲੀ ਪੁਲੀਸ ਨੇ ਕਿਹਾ ਕਿ ਉਨ੍ਹਾਂ ਅਤੇ ਹੋਰ ਕਿਸਾਨ ਆਗੂਆਂ ਨੇ ਇਸ ਪਰੇਡ ਦੌਰਾਨ ਬਹੁਤ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਕੰਮ ਕੀਤਾ ਅਤੇ ਲਾਲ ਕਿਲ੍ਹੇ ਵਿੱਚ ਹੋਈ ਭੰਨ-ਤੋੜ ਬਹੁਤ ਹੀ ਦੁਖਦਾਈ ਤੇ ਦੇਸ਼ ਵਿਰੋਧੀ ਕਾਰਵਾਈ ਹੈ।

ਦਿੱਲੀ ਪੁਲੀਸ ਨੇ ਕਿਸਾਨ ਆਗੂਆਂ ’ਤੇ ਟਰੈਕਟਰ ਪਰੇਡ ਤੋਂ ਪਹਿਲਾਂ ਤੈਅ ਸ਼ਰਤਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਇਆ। ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਪੁਲੀਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੇ ਕਿਹਾ, ‘‘ਟਰੈਕਟਰ ਮਾਰਚ ਤੋਂ ਪਹਿਲਾਂ ਅਸੀਂ ਕਿਸਾਨ ਆਗੂਆਂ ਨਾਲ ਪੰਜ ਗੇੜ ਦੀ ਮੀਟਿੰਗ ਕੀਤੀ। ਇਹ ਮਾਰਚ ਦੁਪਹਿਰ 12 ਵਜੇ ਤੋਂ ਸ਼ਾਮ 5.00 ਵਜੇ ਦਰਮਿਆਨ ਕੱਢਣਾ ਸੀ ਅਤੇ ਕਿਸਾਨ ਯੂਨੀਅਨਾਂ ਨੇ ਇਸ ਦੇ ਲਈ ਤੈਅ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ।’’ ਉਨ੍ਹਾਂ ਕਿਸਾਨ ਆਗੂਆਂ ’ਤੇ ਹਿੰਸਾ ਵਿੱਚ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦੌਰਾਨ 394 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਪੁਲੀਸ ਦੇ 30 ਵਾਹਨ ਨੁਕਸਾਨੇ ਗਏ। ਹਿੰਸਾ ਨੂੰ ਰੋਕਣ ਲਈ ‘ਪੁਲੀਸ ਕੋਲ ਕਈ ਬਦਲ ਸਨ, ਪਰ ਉਹ ਸ਼ਾਂਤ ਰਹੀ।’ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਹਿੰਸਾ ਸਬੰਧੀ ਦਿੱਲੀ ਵਿੱਚ 25 ਫ਼ੌਜਦਾਰੀ ਕੇਸ ਦਰਜ ਕੀਤੇ ਗਏ ਹਨ, 19 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 50 ਹਿਰਾਸਤ ਵਿੱਚ ਲਏ ਗਏ ਹਨ। ਸ੍ਰੀਵਾਸਤਵ ਨੇ ਕਿਹਾ, ‘‘ਟਰੈਕਟਰ ਮਾਰਚ ਦੌਰਾਨ ਹਿੰਸਾ ਵਿੱਚ ਸ਼ਾਮਲ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਿਸਾਨ ਆਗੂਆਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ।’’ ਦਿੱਲੀ ਪੁਲੀਸ ਨੇ ਕਿਹਾ ਕਿ ਸਮਯਪੁਰ ਬਾਦਲੀ ਵਿੱਚ ਦਰਜ ਐੱਫਆਈਆਰ ਵਿੱਚ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਦਰਸ਼ਨਪਾਲ ਅਤੇ ਗੁਰਨਾਮ ਚੜੂਨੀ ਸਣੇ 37 ਕਿਸਾਨ ਆਗੂਆਂ ਦੇ ਨਾਮ ਹਨ। ਇਨ੍ਹਾਂ ਕੇਸਾਂ ਵਿੱਚ ਆਈਪੀਸੀ ਦੀਆਂ ਕਈ ਧਾਰਾਵਾਂ ਦਾ ਜ਼ਿਕਰ ਹੈ, ਜਿਸ ਵਿੱਚ 307 (ਇਰਾਦਾ ਕਤਲ), 147 (ਦੰਗਿਆਂ ਲਈ ਸਜ਼ਾ), 353 (ਕਿਸੇ ਵਿਅਕਤੀ ਵੱਲੋਂ ਸਰਕਾਰੀ ਮੁਲਾਜ਼ਮ ਨੂੰ ਫ਼ਰਜ਼ ਤੋਂ ਰੋਕਣਾ) ਅਤੇ 120ਬੀ(ਅਪਰਾਧਕ ਸਾਜ਼ਿਸ਼) ਸ਼ਾਮਲ ਹਨ।

-ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All