ਪ੍ਰਧਾਨ ਮੰਤਰੀ ਨੇ NDA ਮੀਟਿੰਗ ਵਿੱਚ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਕੀਤਾ ਸਲਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਸਰਵਉੱਚ ਕੁਰਬਾਨੀ ਨੂੰ ਸਲਾਮ ਕੀਤਾ । ਮੰਗਲਵਾਰ ਨੂੰ ਰਾਜਧਾਨੀ ਵਿੱਚ ਹੋਈ NDA ਸੰਸਦੀ ਦਲ ਦੀ ਮੀਟਿੰਗ ਵਿੱਚ ਬੋਲਦਿਆਂ, ਪ੍ਰਧਾਨ ਮੰਤਰੀ ਨੇ 26 ਦਸੰਬਰ ਨੂੰ ਆ ਰਹੇ ‘ਵੀਰ ਬਾਲ ਦਿਵਸ’ ਦਾ ਜ਼ਿਕਰ ਕੀਤਾ, ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਨ ਹੈ ਅਤੇ ਇਸ ਨੂੰ ਪੂਰੇ ਭਾਰਤ ਵਿੱਚ ਮਨਾਉਣ ਦਾ ਸੱਦਾ ਦਿੱਤਾ।
ਸਰਕਾਰ ਨੇ 26 ਦਸੰਬਰ 2022 ਨੂੰ ਇਸ ਕੁਰਬਾਨੀ ਦੀ ਯਾਦ ਵਿੱਚ ਵੀਰ ਬਾਲ ਦਿਵਸ ਐਲਾਨਿਆ ਸੀ। ਦਸਵੇਂ ਸਿੱਖ ਗੁਰੂ ਦੇ ਦੋਵੇਂ ਛੋਟੇ ਪੁੱਤਰਾਂ ਨੂੰ 26 ਦਸੰਬਰ 1704 ਨੂੰ ਸਰਹਿੰਦ ਦੇ ਮੁਗਲ ਫ਼ੌਜਦਾਰ ਵਜ਼ੀਰ ਖਾਨ ਦੁਆਰਾ ਜ਼ਿੰਦਾ ਨੀਂਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ। ਉਹ ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਇਸਲਾਮ ਕਬੂਲ ਕਰਨ ਦੀਆਂ ਧਮਕੀਆਂ ਦੇ ਬਾਵਜੂਦ ਅਡੋਲ ਰਹੇ।
ਉੱਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਆਮ ਲੋਕਾਂ ਨਾਲ ਆਪਣਾ ਸੰਪਰਕ ਬਿਹਤਰ ਬਣਾਉਣ ਦੀ ਅਪੀਲ ਕੀਤੀ ਅਤੇ ਸਰਕਾਰ ਦੇ ਸੁਧਾਰਾਂ ਦੇ ਵਾਅਦੇ ਨੂੰ ਦੁਹਰਾਇਆ, ਜਿਸ ਵਿੱਚ ਆਮ ਆਦਮੀ ਦੇ ਜੀਵਨ ਨੂੰ ਸੌਖਾ ਬਣਾਉਣ (Ease of Life) ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਪ੍ਰਮੁੱਖ ਏਅਰਲਾਈਨ ਇੰਡੀਗੋ ਦੁਆਰਾ ਉਡਾਣਾਂ ਨੂੰ ਲਗਾਤਾਰ ਰੱਦ ਕਰਨ ਨਾਲ ਪੈਦਾ ਹੋਈ ਹਵਾਬਾਜ਼ੀ ਖੇਤਰ ਦੀ ਗੜਬੜੀ ਦੇ ਮੱਦੇਨਜ਼ਰ ਆਈਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਯਮ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਹੁੰਦੇ ਹਨ, ਨਾ ਕਿ ਉਨ੍ਹਾਂ ਨੂੰ ਤੰਗ ਕਰਨ ਲਈ।
