ਭੂਟਾਨ ਦੇ ਚੌਥੇ ਨਰੇਸ਼ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ, ਕਾਲਚੱਕਰ ਦੀਖਿਆ ਸਮਾਗਮ ’ਚ ਸ਼ਾਮਲ ਹੋਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਥਿੰਫੂ ਵਿੱਚ ਭੂਟਾਨ ਦੇ ਚੌਥੇ ਸਮਰਾਟ ਜਿਗਮੇ ਸਿੰਗਯੇ ਵਾਂਗਚੁਕ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਾਂਗਚੁਕ ਨੂੰ 70ਵੀਂ ਜਨਮ ਵਰ੍ਹੇਗੰਢ ਦੀ ਵਧਾਈ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਸ੍ਰੀ ਮੋਦੀ ਨੇ ਭੂਟਾਨ ਦੇ ਚੌਥੇ ਨਰੇਸ਼ ਦੀ ਨਿਰੰਤਰ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਸਰਕਾਰ ਅਤੇ ਭਾਰਤ ਦੇ ਲੋਕਾਂ ਵੱਲੋਂ ਸ਼ੁਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਦਿੱਤੀਆਂ। ਉਨ੍ਹਾਂ ਨੇ ਭਾਰਤ ਅਤੇ ਭੂਟਾਨ ਵਿਚਕਾਰ ਵਿਲੱਖਣ ਅਤੇ ਹੰਢੀ ਵਰਤੀ ਦੋਸਤੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਅਗਵਾਈ, ਸਲਾਹ ਅਤੇ ਮਾਰਗਦਰਸ਼ਨ ਲਈ ਮਹਾਰਾਜਾ ਦਾ ਧੰਨਵਾਦ ਵੀ ਕੀਤਾ।
ਪੀਐਮਓ ਦੇ ਅਧਿਕਾਰੀਆਂ ਅਨੁਸਾਰ, ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ, ਸਾਂਝੇ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਜਾਗਰ ਕੀਤਾ, ਜੋ ਦੋ ਹਿਮਾਲਿਆਈ ਗੁਆਂਢੀ ਮੁਲਕਾਂ ਦੇ ਲੋਕਾਂ ਨੂੰ ਹੋਰ ਨੇੜੇ ਲਿਆਉਂਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਗਰੋਂ ਭੂਟਾਨ ਨਰੇਸ਼ ਨਾਲ ਥਿੰਫੂ ਦੇ ਚਾਂਗਲਿਮਥਾਂਗ ਸਟੇਡੀਅਮ ਵਿਖੇ ਕਾਲਚੱਕਰ ਦੀਖਿਆ ਸਮਾਰੋਹ ਵਿੱਚ ਸ਼ਾਮਲ ਹੋਏ। ਸਮਾਗਮ ਵਿਚ ਭੂਟਾਨ ਦੇ ਚੌਥੇ ਨਰੇਸ਼ ਤੇ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਏ। ਇਹ ਸਮਾਗਮ ਗਲੋਬਲ ਸ਼ਾਂਤੀ ਪ੍ਰਾਰਥਨਾ ਉਤਸਵ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਦੀ ਪ੍ਰਧਾਨਗੀ ਭੂਟਾਨ ਦੇ ਮੁੱਖ ਮਠਾਰੂ ਜੇ ਖੇਨਪੋ ਨੇ ਕੀਤੀ।
