ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3212 ਕਿਲੋਮੀਟਰ ਲੰਮੀ ਆਪਟੀਕਲ ਫਾਈਬਰ ਕੇਬਲ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬਮਰੀਨ ਆਪਟੀਕਲ ਫਾਈਬਰ ਕੇਬਲ ਕੁਨੈਕਟੀਵਿਟੀ ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 10 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਨੂੰ ਤੇਜ਼ ਰਫ਼ਤਾਰ ਬਰਾਡਬੈਂਡ ਸੇਵਾਵਾਂ ਨਾਲ ਜੋੜਨ ਵਾਲੇ ਪਹਿਲੇ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਹ ਕੇਬਲ ਸਮੁੰਦਰ ਦੇ ਅੰਦਰੋਂ ਵਿਛਾਈ ਗਈ ਹੈ। ਇਸ ਖੇਤਰ ’ਚ ਡਿਜੀਟਲ ਸੇਵਾਵਾਂ ਅਤੇ ਸੈਰ-ਸਪਾਟਾ ਤੇ ਹੋਰ ਗਤੀਵਿਧੀਆਂ ਵਧਾਉਣ ’ਚ ਮਦਦ ਮਿਲੇਗੀ। ਮੋਦੀ ਨੇ 30 ਦਸੰਬਰ 2018 ਨੂੰ ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਪੋਰਟ ਬਲੇਅਰ ਨੂੰ ਜੋੜਨ ਵਾਲੀ ਇਸ 2312 ਕਿਲੋਮੀਟਰ ਲੰਮੀ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ, ‘ਚੇਨੱਈ ਤੋਂ ਪੋਰਟ ਬਲੇਅਰ, ਪੋਰਟ ਬਲੇਅਰ ਤੋਂ ਲਿਟਲ ਅੰਡੇਮਾਨ ਤੇ ਪੋਰਟ ਬਲੇਅਰ ਤੋਂ ਸਵਰਾਜ ਦੀਪ ਤੱਕ ਇਹ ਸੇਵਾ ਅੱਜ ਤੋਂ ਅੰਡੇਮਾਨ ਨਿਕੋਬਾਰ ਦੇ ਵੱਡੇ ਹਿੱਸੇ ’ਚ ਸ਼ੁਰੂ ਹੋ ਗਈ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਨੂੰ ਆਧੁਨਿਕ ਦੂਰ ਸੰਚਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਏ। ਪੋਰਟ ਬਲੇਅਰ ਦੇ ਨਾਲ ਹੀ ਇਹ ਸੇਵਾ ਦੀਪ, ਲਾਂਗ ਆਈਲੈਂਡ, ਰੰਗਤ, ਲਿਟਲ ਅੰਡੇਮਾਨ, ਕਾਰਮੋਟਾ, ਕਾਰ ਨਿਕੋਬਾਰ ਤੇ ਗਰੇਟਰ ਨਿਕੋਬਾਰ ਨੂੰ ਵੀ ਸੰਪਰਕ ਮੁਹੱਈਆ ਕਰਵਾਏਗੀ।
-ਪੀਟੀਆਈ

ਨਿਕੋਬਾਰ ਟਾਪੂ ’ਚ ਬਣੇਗੀ ਢੋਆ-ਢੁਆਈ ਵਾਲੀ ਬੰਦਰਗਾਹ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੰਗਾਲ ਦੀ ਖਾੜੀ ਵਿਚਲੇ ਗਰੇਟਰ ਨਿਕੋਬਾਰ ਟਾਪੂ ’ਚ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਢੋਆ-ਢੁਆਈ ਬੰਦਰਗਾਹ ਤਿਆਰ ਕਰਨ ਦੀ ਯੋਜਨਾ ਹੈ ਤਾਂ ਜੋ ਸਮੁੰਦਰੀ ਜਹਾਜ਼ਾਂ ਰਾਹੀਂ ਮਾਲ ਭੇਜਣ ਵਾਲਿਆਂ ਨੂੰ ਇਸ ਖੇਤਰ ’ਚ ਪਹੁੰਚਣ ਦਾ ਬਦਲਵਾਂ ਰਾਹ ਮਿਲ ਸਕੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਤਜਵੀਜ਼ਸ਼ੁਦਾ ਬੰਦਰਗਾਹ ਰਾਹੀਂ ਕੌਮਾਂਤਰੀ ਕਾਰੋਬਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਸਮੁੰਦਰ ਰਾਹੀਂ ਹੋਣ ਵਾਲੇ ਕਾਰੋਬਾਰ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
-ਪੀਟੀਆਈ

ਅੰਡੇਮਾਨ ’ਚ 4ਜੀ ਤੇ 5ਜੀ ਨੂੰ ਰਫ਼ਤਾਰ ਮਿਲੇਗੀ: ਸੁਨੀਲ ਮਿੱਤਲ

ਨਵੀਂ ਦਿੱਲੀ: ਭਾਰਤੀ ਏਅਰਟੈੱਲ ਨੇ ਅੱਜ ਕਿਹਾ ਕਿ ਚੇਨੱਈ ਤੇ ਅੰਡਮਾਨ ਨਿਕੋਬਾਰ ਦੀਪ ਸਮੂਹ ਵਿਚਾਲੇ ਸਮੁੰਦਰ ਅੰਦਰੋਂ ਪਾਈ ਗਈ ਫਾਈਬਰ ਕੇਬਲ ਨਾਲ ਇਸ ਖੇਤਰ ’ਚ 4ਜੀ ਤੇ 5ਜੀ ਸੇਵਾਵਾਂ ਦੇ ਵਿਸਤਾਰ ’ਚ ਵੱਡੀ ਮਦਦ ਮਿਲੇਗੀ। ਕੰਪਨੀ ਨੇ ਕਿਹਾ ਕਿ ਏਅਰਟੈੱਲ ਪਹਿਲਾ ਮੋਬਾਈਲ ਅਪਰੇਟਰ ਹੈ ਜਿਸ ਨੇ ਅੰਡੇਮਾਨ ਤੇ ਨਿਕੋਬਾਰ ’ਚ 4ਜੀ ਸੇਵਾਵਾਂ ਮੁਹੱਈਆ ਕੀਤੀਆਂ ਹਨ। ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਕਿਹਾ, ‘ਇਹ ਫਾਈਬਰ ਲਿੰਕ ਇਸ ਖੇਤਰ ’ਚ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਤੇ ਇਸ ਨਾਲ ਖਪਤਕਾਰਾਂ ਨੂੰ 4ਜੀ ਤੇ 5ਜੀ ਸੇਵਾ ਮੁਹੱਈਆ ਕਰਵਾਉਣ ਦੇ ਰਾਹ ਖੁੱਲ੍ਹਣਗੇ’
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All