ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਜੈਪੁਰ/ਨਵੀਂ ਦਿੱਲੀ, 12 ਜੁਲਾਈ

ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੂਬੇ ਵਿੱੱਚ ਕਾਂਗਰਸ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ਖ਼ਿਲਾਫ਼ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ। ਪਾਇਲਟ ਨੇ ਕਿਹਾ ਕਿ ਉਸ ਕੋਲ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਹੈ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਘੱਟਗਿਣਤੀ ਵਿੱਚ ਹੈ। ਪਾਇਲਟ ਦੇ ਵੱਟਸਐਪ ਗਰੁੱਪ ’ਤੇ ਜਾਰੀ ਬਿਆਨ ਮੁਤਾਬਕ ਪਾਇਲਟ ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਹਨ, ਸੋਮਵਾਰ ਨੂੰ ਪਾਰਟੀ ਵਿਧਾਇਕ ਦਲ ਦੀ ਸੱਦੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਇਸ ਦੌਰਾਨ, ਪਾਇਲਟ ਨੇ ਇਕ ਟੀਵੀ ਚੈਨਲ ਨਾਲ ਕੀਤੀ ਗੱਲਬਾਤ ਦੌਰਾਨ ਕਿਹਾ ਕਿ ਕੋਈ ਵੀ ਆਪਣਾ ਘਰ ਨਹੀਂ ਛੱਡਣਾ ਚਾਹੁੰਦਾ, ਪਰ ਉਹ ਅਜਿਹੀ ਬੇਇੱਜ਼ਤੀ ਸਹਿਣ ਨਹੀਂ ਕਰਨਗੇ। ਪਾਇਲਟ ਅੱਜ ਸਵੇਰ ਤੋਂ ਹੀ ਆਪਣੇ ਵਫ਼ਾਦਾਰ ਵਿਧਾਇਕਾਂ ਨਾਲ ਕੌਮੀ ਰਾਜਧਾਨੀ ਵਿੱਚ ਮੌਜੂਦ ਸਨ। ਅਜਿਹੀ ਚਰਚਾ ਹੈ ਕਿ ਪਾਇਲਟ ਭਾਜਪਾ ਦੇ ਸੰਪਰਕ ਵਿੱਚ ਹਨ। ਇਸ ਤੋਂ ਪਹਿਲਾਂ, ਪਾਇਲਟ ਵੱਲੋਂ ਕੁਝ ਪਾਰਟੀ ਵਿਧਾਇਕਾਂ ਨਾਲ ਕਾਂਗਰਸ ਵਿੱਚੋਂ ਲਾਂਭੇ ਹੋਣ ਦੇ ਕਿਆਸਾਂ ਦਰਮਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਹੈ। ਮੀਟਿੰਗ ਲਈ ਪਾਰਟੀ ਨੂੰ ਹਮਾਇਤ ਦੇਣ ਵਾਲੇ ਆਜ਼ਾਦ ਵਿਧਾਇਕਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ।

ਪਾਇਲਟ ਦੀ ਪਤਨੀ ਨੇ ਵੀ ਗਹਿਲੋਤ ’ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ: ਰਾਜਸਥਾਨ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਪਤਨੀ ਸਾਰ੍ਹਾ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਅਸਿੱਧਾ ਹੱਲਾ ਬੋਲਦਿਆਂ ਲੜੀਵਾਰ ਟਵੀਟ ’ਚ ਕਿਹਾ ਕਿ ਜਦੋਂ ਕਦੇ ਵੀ ਅਸੀਂ ਦਿੱਲੀ ਜਾਂਦੇ ਹਾਂ ਤੇ ‘ਵੱਡੇ ਜਾਦੂਗਰਾਂ’ ਨੂੰ ਤਰੇਲੀਆਂ ਆਉਣ ਲਗਦੀਆਂ ਹਨ। ਸਾਰ੍ਹਾ ਨੇ ਕਿਹਾ ਕਿ ਛੇ ਸਾਲ ਲਈ ਰਾਜਸਥਾਨ ਦੀਆਂ ਸੜਕਾਂ ’ਤੇ ਸੰਘਰਸ਼ ਕੋਈ ਕਰਦਾ ਰਿਹਾ ਤੇ ਜਦੋਂ ਸਿਰ ’ਤੇ ਤਾਜ ਸਜਣ ਲੱਗਾ ਤਾਂ ਜੈਚੰਦ ਮੌਕੇ ਦਾ ਲਾਹਾ ਲੈਂਦਿਆਂ ਸਿੰਘਾਸਣ ’ਤੇ ਬੈਠ ਗਿਆ।

ਪਾਇਲਟ ਮੁੱਖ ਮੰਤਰੀ ਗਹਿਲੋਤ ਦਾ ਸਤਾਇਆ ਹੋਇਆ: ਸਿੰਧੀਆ

ਨਵੀਂ ਦਿੱਲੀ: ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਜਿਓਤਿਰਾਦਿੱਤਿਆ ਸਿੰਧੀਆ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵਿਚਲਾ ਊਨ੍ਹਾਂ ਦਾ ਪੁਰਾਣਾ ਸਾਥੀ ਸਚਿਨ ਪਾਇਲਟ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ‘ਸਤਾਇਆ’ ਹੋਇਆ ਹੈ। ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋੲੇ ਸਿੰਧੀਆ ਨੇ ਇਕ ਟਵੀਟ ’ਚ ਕਿਹਾ, ‘ਵੇਖ ਕੇ ਦੁੱਖ ਹੁੰਦਾ ਹੈ ਕਿ ਕਦੇ ਮੇਰੇ ਪੁਰਾਣੇ ਸਾਥੀ ਰਹੇ, ਸਚਿਨ ਪਾਇਲਟ ਨੂੰ ਵੀ ਖੂੰਜੇ ਲਾ ਰੱਖਿਆ ਹੈ। ਉਹ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸਤਾਇਆ ਹੋਇਆ ਹੈ। ਸਾਫ਼ ਹੈ ਕਿ ਪ੍ਰਤਿਭਾ ਤੇ ਸਮਰੱਥਾ ਦਾ ਕਾਂਗਰਸ ਵਿੱਚ ਕੌਡੀ ਮੁੱਲ ਨਹੀਂ ਪੈਂਦਾ।’

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All