Punjab Regular DGP: ਪੰਜਾਬ ’ਚ ਪੱਕਾ ਡੀ ਜੀ ਪੀ ਲਾਉਣ ਬਾਰੇ ਹਾਈ ਕੋਰਟ ’ਚ ਪਟੀਸ਼ਨ
ਮਾਮਲੇ ’ਤੇ ਸੁਣਵਾੲੀ ਪਹਿਲੀ ਅਕਤੂਬਰ ਨੂੰ
Punjab Regular DGP: ਪੰਜਾਬ ’ਚ ਨਿਯਮਤ ਡੀ ਜੀ ਪੀ ਨਿਯੁਕਤ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਜਨ ਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਹਾਈ ਕੋਰਟ ਵੱਲੋਂ ਇਸ ਮਾਮਲੇ ’ਤੇ ਪਹਿਲੀ ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ। ਵਕੀਲ ਨਿਖਿਲ ਥੰਮਨ ਵੱਲੋਂ ਪੰਜਾਬ ਸਰਕਾਰ ਅਤੇ ਹੋਰਾਂ ਖ਼ਿਲਾਫ਼ ਦਾਖ਼ਲ ਲੋਕ ਹਿੱਤ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਬੀਤੇ ਚਾਰ ਸਾਲ ਤੋਂ ਵਧ ਸਮੇਂ ਤੋਂ ਸੂਬੇ ’ਚ ਨਿਯਮਤ ਪੁਲੀਸ ਮੁਖੀ ਨਹੀਂ ਹੈ। ਉਸ ਨੇ ਕਿਹਾ ਕਿ ਪੱਕੇ ਪੁਲੀਸ ਮੁਖੀ ਦੀ ਨਿਯੁਕਤੀ ਕਰਨ ਦੀ ਬਜਾਏ ਵਾਧੂ ਚਾਰਜ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਇਹ ਦਲੀਲ ਵੀ ਦਿੱਤੀ ਗਈ ਕਿ ਸੁਪਰੀਮ ਕੋਰਟ ਨੇ ਯੂ ਪੀ ਐੱਸ ਸੀ ਦੀ ਸੂਚੀ ਰਾਹੀਂ ਡੀ ਜੀ ਪੀ ਦੀ ਚੋਣ ਲਈ ਪ੍ਰਕਿਰਿਆ ਤੈਅ ਕੀਤੀ ਹੈ ਅਤੇ ਕਾਰਜਕਾਰੀ ਡੀ ਜੀ ਪੀ ਵਰਗੀ ਕੋਈ ਧਾਰਨਾ ਨਹੀਂ ਹੈ। ਪਟੀਸ਼ਨ ’ਚ ਕਿਹਾ ਗਿਆ ਕਿ ਸੂਬਾ ਸਰਕਾਰ ਨੂੰ ਯੂ ਪੀ ਐੱਸ ਸੀ ਦਾ ਪੈਨਲ ਮਿਲ ਚੁੱਕਾ ਹੈ ਅਤੇ ਨਿਯਮਤ ਡੀ ਜੀ ਪੀ ਦੀ ਨਿਯੁਕਤੀ ਦੀ ਮੰਗ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ 24 ਅਗਸਤ ਦਾ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ। ਅਰਜ਼ੀਕਾਰ ਦਾ ਮੰਨਣਾ ਹੈ ਕਿ ਨਿਯਮਤ ਡੀ ਜੀ ਪੀ ਨਾ ਹੋਣ ਕਾਰਨ ਉਸ ਨੂੰ ਕੁਝ ਸਮਝੌਤੇ ਕਰਨੇ ਪੈ ਸਕਦੇ ਹਨ ਅਤੇ ਉਸ ਪ੍ਰਤੀ ਲੋਕਾਂ ’ਚ ਭਰੋਸਾ ਵੀ ਘੱਟ ਹੋਵੇਗਾ।

