Rahul Gandhi Protest: ਸੁਪਰੀਮ ਕੋਰਟ ’ਚ ‘ਵੋਟ ਚੋਰੀ’ ਖਿਲਾਫ਼ ਪਟੀਸ਼ਨ ਦਾਖਲ
ਚੀਫ ਜਸਟਿਸ ਦੀ ਨਾਂਹ ਅਤੇ ਸਲਾਹ ਮਗਰੋਂ ਵਿਰੋਧੀ ਧਿਰਾਂ ਵੱਲੋਂ ਕੋਰਟ ਦਾ ਰੁਖ਼; ਕੋਰਟ ਤੱਕ ‘ਜਮਹੂਰੀਅਤ ਬਚਾਓ’ ਮਾਰਚ ਕੱਢਿਆ, ਸਾਂਝੀ ਪਟੀਸ਼ਨ ਦਾਖ਼ਲ ਕੀਤੀ; ‘ਇੰਡੀਆ’ ਬਲਾਕ ਵੱਲੋਂ ਸਮੂਹਿਕ ਤਾਕਤ ਦਾ ਮੁਜ਼ਾਹਰਾ, ਚਾਰ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ
Rahul Gandhi Protest: ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਲੈ ਕੇ ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਕਈ ਦਿਨਾਂ ਤੋਂ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਵਿਰੋਧੀ ਧਿਰਾਂ ਦੇ ਪ੍ਰਮੁੱਖ ਆਗੂਆਂ ਨੇ ਅੱਜ ਆਪਣੇ ਸੈਂਕੜੇ ਹਮਾਇਤੀਆਂ ਅਤੇ ਕਾਰਕੁਨਾਂ ਨਾਲ ਸੁਪਰੀਮ ਕੋਰਟ ਤੱਕ ‘ਜਮਹੂਰੀਅਤ ਬਚਾਓ ਮਾਰਚ’ ਕੀਤਾ। ਦਿੱਲੀ ਪੁਲੀਸ ਵੱਲੋਂ ਮਾਰਚ ਦੇ ਰੂਟ ਉੱਤੇ ਕੀਤੀ ਸਖ਼ਤ ਬੈਰੀਕੇਡਿੰਗ ’ਚੋਂ ਲੰਘਦਿਆਂ ਆਗੂਆਂ ਨੇ ਚੋਣਾਂ ਵਿੱਚ ਕਥਿਤ ਬੇਨਿਯਮੀਆਂ ਖਿਲਾਫ਼ ਸੁਪਰੀਮ ਕੋਰਟ ਵਿੱਚ ਸਾਂਝੀ ਪਟੀਸ਼ਨ ਦਾਖਲ ਕੀਤੀ। ਮਾਰਚ ਦੌਰਾਨ ਵਿਰੋਧੀ ਧਿਰਾਂ ਨੇ ਸਮੂਹਿਕ ਤਾਕਤ ਦਾ ਮੁਜ਼ਾਹਰਾ ਕੀਤਾ।
ਮਾਰਚ ਵਿੱਚ ਲੋਕ ਸਭਾ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਕ੍ਰਮਵਾਰ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਤ੍ਰਿਣਮੂਲ ਸੁਪਰੀਮੋ ਮਮਤਾ ਬੈਨਰਜੀ, ਸੀ ਪੀ ਆਈ ਦੇ ਡੀ ਰਾਜਾ, ਸੀ ਪੀ ਐੱਮ ਦੇ ਐੱਮ ਏ ਬੇਬੀ, ਆਰ ਜੇ ਡੀ ਦੇ ਤੇਜਸਵੀ ਯਾਦਵ ਤੋਂ ਇਲਾਵਾ ਐੱਨ ਸੀ ਪੀ-ਐੱਸ ਸੀ ਪੀ ਆਗੂ ਸੁਪ੍ਰਿਆ ਸੂਲੇ ਸ਼ਾਮਲ ਸਨ। ਚੀਫ ਜਸਟਿਸ ਸੂਰਿਆ ਕਾਂਤ ਵੱਲੋਂ ਮੁਲਾਕਾਤ ਸਬੰਧੀ ਵਿਰੋਧੀ ਧਿਰਾਂ ਦੀ ਅਪੀਲ ਰੱਦ ਕੀਤੇ ਜਾਣ ਮਗਰੋਂ ਆਗੂਆਂ ਨੇ ਐੱਸ ਆਈ ਆਰ ਦੇ ਅਮਲ ਦੌਰਾਨ ਕਥਿਤ ਬੇਨਿਯਮੀਆਂ ਤੇ ਵੱਡੇ ਪੱਧਰ ’ਤੇ ਵੋਟਰਾਂ ਦੇ ਨਾਂ ਕੱਟਣ ਖਿਲਾਫ ਸਾਂਝੀ ਪਟੀਸ਼ਨ ਦਾਇਰ ਕੀਤੀ।
ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਭਗਵਾਨ ਦਾਸ ਰੋਡ ਉੱਤੇ ਮਾਰਚ ਨੂੰ ਰੋਕਿਆ ਤਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਤੇਜਸਵੀ ਯਾਦਵ ਤੇ ਅਖਿਲੇਸ਼ ਯਾਦਵ ਸਣੇ ਕਈ ਆਗੂ ਵਾਹਨ ਦੀ ਛੱਤ ਉੱਤੇ ਚੜ੍ਹ ਗਏ। ਮਾਰਚ ਰੋਕਾਂ ਲੰਘ ਕੇ ਅੱਗੇ ਵਧ ਗਿਆ। ਤਣਾਅਪੂਰਨ ਮਾਹੌਲ ਵਿੱਚ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ‘ਵੋਟ ਚੋਰੀ’ ਅਤੇ ਐੱਸ ਆਈ ਆਰ ਅਮਲ ਵਿੱਚ ਬੇਨਿਯਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਸ਼ਿਵ ਸੈਨਾ-ਯੂ ਬੀ ਟੀ ਆਗੂ ਸੰਜੇ ਰਾਊਤ, ਸੀ ਪੀ ਆਈ- ਐੱਮ ਐੱਲ ਆਗੂ ਦੀਪਾਂਕਰ ਭੱਟਾਚਾਰੀਆ ਅਤੇ ਆਈ ਯੂ ਐੱਮ ਐੱਲ ਆਗੂ ਈ ਟੀ ਮੁਹੰਮਦ ਬਸ਼ੀਰ ਸ਼ਾਮਲ ਸਨ। ਇਸ ਤੋਂ ਇਲਾਵਾ ਕਰਨਾਟਕ ਦੇ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਵੀ ਮੌਜੂਦ ਸਨ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ, ਸਚਿਨ ਪਾਇਲਟ ਅਤੇ ਮੁਕੁਲ ਵਾਸਨਿਕ ਤੋਂ ਇਲਾਵਾ ਟੀ ਐੱਮ ਸੀ ਆਗੂ ਸਾਗਰਿਕਾ ਘੋਸ਼ ਅਤੇ ਸਮਾਜਿਕ ਕਾਰਕੁਨ ਯੋਗੇਂਦਰ ਯਾਦਵ ਤੇ ਨੰਦਿਤਾ ਨਰਾਇਣ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।
ਗਿਆਨੇਸ਼ ਕੁਮਾਰ ‘ਗਵਾਹ’ ਬਣੇ ਤੇ ਅਸਤੀਫਾ ਦੇਵੇ: ਰਾਹੁਲ
ਰੋਸ ਮਾਰਚ ਤੋਂ ਪਹਿਲਾਂ ਇੰਦਰਾ ਭਵਨ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਰਾਹੁਲ ਗਾਂਧੀ ਨੇ ਸੀ ਈ ਸੀ ਗਿਆਨੇਸ਼ ਕੁਮਾਰ ਨੂੰ ‘ਗਵਾਹ ਬਣਨ’ ਅਤੇ ਅਸਤੀਫਾ ਦੇਣ ਦੀ ਸਲਾਹ ਦਿੱਤੀ। ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਲੜਾਈ ਉਨ੍ਹਾਂ ਵੱਡੀਆਂ ਤਾਕਤਾਂ ਵਿਰੁੱਧ ਹੈ ਜੋ ਉਨ੍ਹਾਂ (ਕੁਮਾਰ) ਦੇ ਪਿੱਛੇ ਸੀ। ਉਨ੍ਹਾਂ ਕਿਹਾ, ‘‘ਅਸਤੀਫਾ ਦਿਓ, ਗਵਾਹ ਬਣ ਜਾਓ; ਤੁਸੀਂ (ਕੁਮਾਰ) ਗਲਤੀ ਕੀਤੀ ਹੈ, ਪਰ ਇਸ ਗਲਤੀ ਦੇ ਪਿੱਛੇ ਅਸਲ ਦਿਮਾਗ ਤੁਹਾਡਾ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਗਿਆਨੇਸ਼ ਕੁਮਾਰ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ; ਮੈਂ ਉਨ੍ਹਾਂ ਨੂੰ ਸਿੱਧਾ ਕਹਿ ਰਿਹਾ ਹਾਂ, ‘ਤੁਸੀਂ ਸੀ ਈ ਸੀ ਵਜੋਂ ਟਿਕ ਨਹੀਂ ਸਕੋਗੇ’। ਲੋਕ ਆਪਣੇ ਧਰਨੇ ਪ੍ਰਦਰਸ਼ਨ ਜਾਰੀ ਰੱਖਣ ਕਿਉਂਕਿ ਦੇਸ਼ ਨੂੰ ਇਕ ਜਾਂ ਦੋ ਦਿਨ ’ਚ ਨਹੀਂ ਬਚਾਇਆ ਜਾ ਸਕਦਾ।’’ ਗਾਂਧੀ ਨੇ ਮੌਜੂਦਾ ਪ੍ਰਦਰਸ਼ਨਾਂ ਨੂੰ ‘ਤਾਂਡਵ’ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ 200 ਅਧਿਕਾਰੀ ਉਨ੍ਹਾਂ ਦੇ ਰਾਬਤੇ ਵਿੱਚ ਹਨ ਤੇ ਸਾਰੀ ਜਾਣਕਾਰੀ ਦੇ ਰਹੇ ਹਨ।
ਜੰਤਰ ਮੰਤਰ ਧਰਨੇ ਪ੍ਰਦਰਸ਼ਨਾਂ ਲਈ ਡੀਨੋਟੀਫਾਈ
ਨਵੀਂ ਦਿੱਲੀ(ਮਨਧੀਰ ਦਿਓਲ): ਦਿੱਲੀ ਪੁਲੀਸ ਨੇ ਜੰਤਰ ਮੰਤਰ ਦੀ ਧਰਨੇ ਪ੍ਰਦਰਸ਼ਨਾਂ ਤੇ ਰੋਸ ਮੁਜ਼ਾਹਰਿਆਂ ਲਈ ਨਿਰਧਾਰਿਤ ਸਥਾਨ ਵਜੋਂ ਮਾਨਤਾ ਖਤਮ ਕਰ ਦਿੱਤੀ ਹੈ। ਦਿੱਲੀ ਪ੍ਰਸ਼ਾਸਨ ਨੇ ਪ੍ਰਦਰਸ਼ਨਾਂ ਲਈ ਤਿੰਨ ਬਦਲਵੀਆਂ ਥਾਵਾਂ- ਕੇਂਦਰੀ ਦਿੱਲੀ ਵਿੱਚ ਰਾਮਲੀਲਾ ਮੈਦਾਨ, ਬਾਹਰੀ ਦਿੱਲੀ ਵਿੱਚ ਬੁਰਾੜੀ ਅਤੇ ਪੂਰਬੀ ਦਿੱਲੀ ਵਿੱਚ ਸੀ ਬੀ ਡੀ ਮੈਦਾਨ ਨਿਰਧਾਰਿਤ ਕੀਤੀਆਂ ਹਨ। ਪ੍ਰਦਰਸ਼ਨਕਾਰੀਆਂ ਅਤੇ ਸਿਵਲ ਸੁਸਾਇਟੀ ਨੂੰ ਹੁਣ ਆਪਣੇ ਧਰਨੇ ਇਨ੍ਹਾਂ ਬਦਲਵੀਆਂ ਥਾਵਾਂ ਉੱਤੇ ਵਿਉਂਤਣੇ ਹੋਣਗੇ। ਦਿੱਲੀ ਹਾਈ ਕੋਰਟ ਨੇ ਜੰਤਰ ਮੰਤਰ ਨੂੰ ਧਰਨੇ ਪ੍ਰਦਰਸ਼ਨਾਂ ਲਈ ‘ਬੰਦ’ ਕਰਨ ਦੇ ਫੈਸਲੇ ਖਿਲਾਫ਼ ਦਾਇਰ ਪਟੀਸ਼ਨ ’ਤੇ ਮੰਗਲਵਾਰ ਨੂੰ ਸੁਣਵਾਈ ਲਈ ਸਹਿਮਤੀ ਦਿੱਤੀ ਹੈ। -ਪੀਟੀਆਈ

