ਸੰਸਦੀ ਮਾਮਲੇ ਮੰਤਰੀ ਕਿਰਨ ਰਿਜਿਜੂ ਨੇ ਪਾਰਲੀਮੈਂਟ ਵਿੱਚ ਬਣੇ ਜਮੂਦ ਨੂੰ ਤੋੜਨ ਦੇ ਇਰਾਦੇ ਨਾਲ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੱਕ ਪਹੁੰਚ ਕੀਤੀ। ਉਨ੍ਹਾਂ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨ ਲਈ ਸੰਸਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗਾਂਧੀ ਤੋਂ ਸਹਿਯੋਗ ਮੰਗਿਆ। ਸੂਤਰਾਂ ਨੇ ਕਿਹਾ ਕਿ ਇਸ ਦੌਰਾਨ ਹਲਕਾਬੰਦੀ ਤੇ ਮਹਿਲਾਂ ਰਾਖਵਾਂਕਰਨ ਬਿੱਲ ਮੁੜ ਪੇਸ਼ ਕੀਤੇ ਜਾਣ ਦੀ ਸੰਭਾਵਨਾ ਬਾਰੇ ਵੀ ਚਰਚਾ ਹੋਈ, ਪਰ ਕਾਂਗਰਸੀ ਆਗੂ ਨੇ ਇਸ ਬਾਰੇ ਕੋਈ ਵਾਅਦਾ ਨਹੀਂ ਕੀਤਾ।
ਇਸ ਦੌਰਾਨ ਸੂਤਰਾਂ ਨੇ ਕੋਈ ਵਿਸ਼ੇਸ਼ ਇਜਲਾਸ ਸੱਦੇ ਜਾਣ ਦੇ ਕਿਆਸਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸੈਸ਼ਨ ਬਾਰੇ ਸੋਚਣ ਦਾ ਅਜੇ ਕੋਈ ਮਤਲਬ ਨਹੀਂ ਹੈ, ਕਿਉਂਕਿ 13 ਅਗਸਤ ਨੂੰ ਸੈਸ਼ਨ ਖ਼ਤਮ ਹੋਣ ਵਿੱਚ ਅਜੇ ਇਕ ਹਫ਼ਤਾ ਬਾਕੀ ਹੈ। ਅਜਿਹੀ ਚਰਚਾ ਹੈ ਕਿ ਸਰਕਾਰ ਆਜ਼ਾਦੀ ਦਿਹਾੜੇ ਦੀਆਂ ਛੁੱਟੀਆਂ ਤੋਂ ਐਨ ਮਗਰੋਂ ਛੋਟਾ ਵਿਸ਼ੇਸ਼ ਇਜਲਾਸ ਸੱਦ ਸਕਦੀ ਹੈ।
ਸੂਤਰਾਂ ਨੇ ਕਿਹਾ ਕਿ ਰਿਜਿਜੂ ਨੇ ਗਾਂਧੀ ਨਾਲ 50 ਮਿੰਟ ਦੇ ਕਰੀਬ ਚੱਲੀ ਬੈਠਕ ਦੌਰਾਨ ਮੌਜੂਦਾ ਮੌਨਸੂਨ ਇਜਲਾਸ ਨੂੰ ਵਧਾਉਣ ਜਾਂ ਵਿਸ਼ੇਸ਼ ਇਜਲਾਸ ਸੱਦਣ ਸਬੰਧੀ ਕੋਈ ਤਜਵੀਜ਼ ਨਹੀਂ ਰੱਖੀ; ਹਾਲਾਂਕਿ ਮੰਤਰੀ ਨੇ ਕਾਂਗਰਸੀ ਆਗੂ ਤੋਂ ਹਲਕਾਬੰਦੀ ਦੇ ਮੁੱਦੇ ’ਤੇ ਵਿਰੋਧੀ ਧਿਰ ਦੇ ਸਟੈਂਡ ਬਾਰੇ ਜ਼ਰੂਰ ਪੁੱਛਿਆ। ਸੰਸਦੀ ਕੰਪਲੈਕਸ ਵਿੱਚ ਗਾਂਧੀ ਦੇ ਦਫ਼ਤਰ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ। ਮਗਰੋਂ ਲੋਕ ਸਭਾ ਵਿੱਚ ਕਾਂਗਰਸ ਦੇ ਡਿਪਟੀ ਆਗੂ ਗੌਰਵ ਗੋਗੋਈ ਤੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਦੀ ਮੀਟਿੰਗ ਵਿੱਚ ਸ਼ਾਮਲ ਹੋਏੇ। ਸੂਤਰਾਂ ਮੁਤਾਬਕ ਗਾਂਧੀ ਨੇ ਰਿਜਿਜੂ ਨੂੰ ਸਾਫ਼ ਕਰ ਦਿੱਤਾ ਕਿ ਵਿਦਿਆਰਥੀਆਂ ਖਿਲਾਫ਼ ਹਿੰਸਾ ਮਾਮਲੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਅਤੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਚੜ੍ਹਾਵੇ ’ਚ ਚੋਰੀ ਦੇ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

