ਪ੍ਰੀਖਿਆ ਕੇਂਦਰ 'ਤੇ ਲਗਾਤਾਰ ਦੂਜੇ ਦਿਨ ਪੇਪਰ ਵਿੱਚ ਵਿਘਨ; ਪ੍ਰੀਖਿਆ ਰੱਦ, AIIMS ਨੇ ਮੰਗੀ ਵਿਸਤ੍ਰਿਤ ਰਿਪੋਰਟ
NEET-PG ਪ੍ਰੀਖਿਆ ਦੌਰਾਨ ਬਿਜਲੀ ਫੇਲ੍ਹ ਹੋਣ ਦੀ ਘਟਨਾ ਤੋਂ ਮਹਿਜ਼ ਇੱਕ ਦਿਨ ਬਾਅਦ ਵਾਪਰੀ ਘਟਨਾ
Jaipur Exam Centre: ਜੈਪੁਰ ਦੇ ਕੇਂਦਰਾਂ ਵਿੱਚ ਨੀਟ-ਪੀਜੀ (NEET-PG) ਪ੍ਰੀਖਿਆ ਦੌਰਾਨ ਬਿਜਲੀ ਫੇਲ੍ਹ ਹੋਣ ਦੀ ਘਟਨਾ ਤੋਂ ਮਹਿਜ਼ ਇੱਕ ਦਿਨ ਬਾਅਦ ਸੋਮਵਾਰ ਨੂੰ ਸੀਤਾਪੁਰਾ ਸਥਿਤ iON Digital Zone (iDZ) ਵਿਖੇ ਏਮਜ਼ (AIIMS) ਕਾਮਨ ਰਿਕਰੂਟਮੈਂਟ ਐਗਜ਼ਾਮੀਨੇਸ਼ਨ (CRE) ਵਿੱਚ ਵੀ ਉਹੀ ਸਮੱਸਿਆ ਮੁੜ ਪੇਸ਼ ਆਈ। ਇਸ ਲਗਾਤਾਰ ਲਾਪਰਵਾਹੀ ਅਤੇ ਪੇਪਰ ਵਿੱਚ ਵਿਘਨ ਪੈਣ ਕਾਰਨ ਪ੍ਰੀਖਿਆ ਨੂੰ ਰੱਦ ਕਰਨਾ ਪਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਉਮੀਦਵਾਰਾਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ।
ਇਹ ਉਹੀ ਟੀ.ਸੀ.ਐੱਸ. (TCS) ਦੁਆਰਾ ਸੰਚਾਲਿਤ ਆਈ.ਓ.ਐੱਨ. ਡਿਜੀਟਲ ਜ਼ੋਨ ਕੇਂਦਰ ਹਨ ਜੈਪੁਰ ਦੇ ਸੀਤਾਪੁਰਾ ਵਿੱਚ ਜਿੱਥੇ ਅੰਦਰੂਨੀ ਬਿਜਲੀ ਸਪਲਾਈ ਦੀਆਂ ਸਮੱਸਿਆਵਾਂ ਕਾਰਨ 30 ਅਗਸਤ ਨੂੰ ਨੀਟ-ਪੀਜੀ (NEET-PG) ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।
ਏਮਜ਼ ਨੇ ਪ੍ਰਭਾਵਿਤ ਕੇਂਦਰ 'ਤੇ ਪ੍ਰੀਖਿਆ ਰੱਦ ਕਰ ਦਿੱਤੀ ਹੈ ਅਤੇ ਅਧਿਕਾਰਤ ਸੂਤਰਾਂ ਅਨੁਸਾਰ 7 ਸਤੰਬਰ ਨੂੰ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਏਮਜ਼ ਕੰਪਿਊਟਰ ਆਧਾਰਿਤ ਪ੍ਰੀਖਿਆ ਮੋਡ ਵਿੱਚ ਕਾਮਨ ਰਿਕਰੂਟਮੈਂਟ ਪ੍ਰੀਖਿਆ ਕਰਵਾਉਂਦਾ ਹੈ ਅਤੇ ਬਿਜਲੀ ਦੀ ਨਿਰੰਤਰ ਸਪਲਾਈ ਜ਼ਰੂਰੀ ਹੈ।
ਪ੍ਰੀਖਿਆ ਤੈਅ ਸਮੇਂ ਅਨੁਸਾਰ ਸਵੇਰੇ 9 ਵਜੇ ਸ਼ੁਰੂ ਹੋਈ ਸੀ, ਪਰ ਇਸ ਰੁਕਾਵਟ ਕਾਰਨ ਨਵੀਂ ਦਿੱਲੀ ਏਮਜ਼ ਨੂੰ ਪ੍ਰਭਾਵਿਤ ਉਮੀਦਵਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਭਰਤੀ ਪ੍ਰਕਿਰਿਆ ਦੀ ਅਖੰਡਤਾ ਅਤੇ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਦੋਵਾਂ ਕੇਂਦਰਾਂ 'ਤੇ ਪ੍ਰੀਖਿਆ ਰੱਦ ਕਰਨੀ ਪਈ।
ਦੋਵਾਂ ਕੇਂਦਰਾਂ 'ਤੇ 2,000 ਤੋਂ ਵੱਧ ਉਮੀਦਵਾਰ ਰਜਿਸਟਰਡ ਸਨ। ਏਮਜ਼ ਨੇ ਟੀ.ਸੀ.ਐੱਸ. ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪਣ ਅਤੇ ਘਟਨਾ ਦਾ ਵਿਆਪਕ ਮੁਲਾਂਕਣ ਕਰਨ ਲਈ ਸਿਸਟਮ ਲੌਗ, ਸੀ.ਸੀ.ਟੀ.ਵੀ. (CCTV) ਫੁਟੇਜ ਅਤੇ ਕੰਟਰੋਲ-ਰੂਮ ਸੰਚਾਰ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਇਹ ਘਟਨਾ ਸੀਤਾਪੁਰਾ ਵਿਖੇ ਆਈ.ਓ.ਐੱਨ. ਡਿਜੀਟਲ ਜ਼ੋਨ ਪ੍ਰੀਖਿਆ ਕੇਂਦਰ ਵਿੱਚ ਵਾਪਰੀ, ਜਿੱਥੇ ਏਮਜ਼ ਗਰੁੱਪ ਬੀ ਅਤੇ ਗਰੁੱਪ ਸੀ ਗ਼ੈਰ-ਅਕਾਦਮਿਕ ਅਹੁਦਿਆਂ ਲਈ ਭਰਤੀ ਪ੍ਰੀਖਿਆ ਕਰਵਾ ਰਿਹਾ ਸੀ। ਜਦੋਂ ਕਿ ਵੱਡੀ ਗਿਣਤੀ ਵਿੱਚ ਉਮੀਦਵਾਰ ਕੇਂਦਰ ਵਿੱਚ ਪਹੁੰਚ ਗਏ ਸਨ ਜਿੱਥੇ ਪ੍ਰੀਖਿਆ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਣੀ ਸੀ, ਪ੍ਰੀਖਿਆ ਲਗਪਗ 30 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ ਅਤੇ ਟੈਸਟ ਦੇ ਮੁੜ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਸਰਵਰ ਫਿਰ ਤੋਂ ਕਰੈਸ਼ ਹੋ ਗਿਆ।
ਇੱਕ ਬਿਆਨ ਵਿੱਚ ਟੀ.ਸੀ.ਐੱਸ. ਆਈ.ਓ.ਐੱਨ. (TCS iON) ਨੇ ਕਿਹਾ ਕਿ ਜੈਪੁਰ ਵਿੱਚ ਆਈ.ਡੀ.ਜ਼ੈੱਡ. (iDZ) ਸੀਤਾਪੁਰਾ ਕੇਂਦਰ ਵਿੱਚ ਅੰਦਰੂਨੀ ਤੌਰ 'ਤੇ ਬਿਜਲੀ ਸਪਲਾਈ ਫੇਲ੍ਹ ਹੋਈ। ਟੀ.ਸੀ.ਐੱਸ. ਦਾ ਕਹਿਣਾ ਹੈ ਕਿ ਇਸ ਦੀ ਮਾਹਿਰ ਵਿਕਰੇਤਾ (ਵੈਂਡਰ) ਟੀਮਾਂ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕੰਮ ਕਰ ਰਹੀਆਂ ਹਨ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ।
ਟੈਸਟਾਂ ਵਿੱਚ ਰੁਕਾਵਟ ਦੇ ਵਾਰ-ਵਾਰ ਵਾਪਰਨ ਕਾਰਨ ਸੀਤਾਪੁਰਾ ਪ੍ਰੀਖਿਆ ਕੇਂਦਰ ਦੀ ਸੰਭਾਵਨਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਉਮੀਦਵਾਰਾਂ ਲਈ 5 ਸਤੰਬਰ ਨੂੰ ਨੀਟ-ਪੀਜੀ ਪ੍ਰੀਖਿਆ ਦੁਬਾਰਾ ਕਰਵਾਏਗਾ। ਬਿਜਲੀ ਦੀ ਖ਼ਰਾਬੀ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।

