ਪੱਤਰ ਪ੍ਰੇਰਕ
ਯਮੁਨਾਨਗਰ, 20 ਅਗਸਤ
ਯਮੁਨਾਨਗਰ ਪਾਉਂਟਾ ਸਾਹਿਬ ਕੌਮੀ ਮਾਰਗ ’ਤੇ ਹਾਥੀਆਂ ਦੇ ਆਉਣ ਕਾਰਨ ਦਹਿਸ਼ਤ ਹੈ। ਇਸ ਕਾਰਨ ਜਿਥੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ, ਉਥੇ ਆਵਾਜਾਈ ਵਿੱਚ ਵੀ ਵਿਘਨ ਪਿਆ। ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਨੇ ਪਟਾਖੇ ਚਲਾ ਕੇ ਹਾਥੀਆਂ ਨੂੰ ਸੜਕ ਤੋਂ ਦੂਰ ਕੀਤਾ। ਹਾਈਵੇ ਦਾ ਕੁੱਝ ਹਿੱਸਾ ਜੰਗਲ ਵਿੱਚੋਂ ਗੁਜ਼ਰਦਾ ਹੈ। ਪਿਛਲੇ ਹਫ਼ਤੇ ਤੋਂ ਇਹ ਤੀਜੀ ਵਾਰ ਹੈ ਕਿ ਅਚਾਨਕ ਹਾਥੀ ਸੜਕ ’ਤੇ ਆ ਕੇ ਮਸਤੀਆਂ ਕਰਨ ਲੱਗ ਜਾਂਦੇ ਹਨ। ਕਈ ਵਾਰੀ ਤਾਂ ਲੋਕਾਂ ਨੂੰ ਆਪਣੇ ਮੋਟਰਸਾਈਕਲ ਤੇ ਹੋਰ ਵਾਹਨ ਛੱਡ ਕੇ ਭੱਜਣਾ ਪੈਂਦਾ ਹੈ। ਹਰਿਆਣਾ ਦੇ ਵਣ, ਵਾਤਾਵਰਨ ਅਤੇ ਸਿੱਖਿਆ ਮੰਤਰੀ ਇਸ ਨੂੰ ਸ਼ੁੱਭ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਵਾਹਨ ਚਾਲਕਾਂ ਨੂੰ ਦਿੱਕਤ ਹੁੰਦੀ ਹੈ, ਫਿਰ ਵੀ ਇਹ ਸਾਫ਼-ਸੁਥਰੇ ਵਾਤਾਵਰਨ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਇਸ ਖੇਤਰ ਵਿੱਚ ਆਪਣੇ ਵਾਹਨਾਂ ਦੀ ਸਪੀਡ ਘੱਟ ਕਰ ਲੈਣ ਅਤੇ ਹਾਥੀ ਜਾਂ ਜੰਗਲੀ ਜਾਨਵਰ ਦੇ ਸੜਕ ਤੋਂ ਦੂਰ ਜਾਣ ਦਾ ਇੰਤਜ਼ਾਰ ਕਰਨ।