ਨਵੀਂ ਦਿੱਲੀ, 9 ਜੂਨ
ਐੱਨਸੀਈਆਰਟੀ ਪਾਠ-ਪੁਸਤਕਾਂ ਵਿੱਚੋਂ ‘ਇਕਤਰਫ਼ਾ’ ਤੇ ‘ਤਰਕਹੀਣ’ ਤਰੀਕੇ ਨਾਲ ਕੱਟ-ਵੱਢ ਕੀਤੇ ਜਾਣ ਤੋਂ ਪ੍ਰੇਸ਼ਾਨ ਸੁਹਾਸ ਪਾਲਸੀਕਰ ਤੇ ਯੋਗੇਂਦਰ ਯਾਦਵ ਨੇ ਪਾਠ-ਪੁਸਤਕਾਂ ਦੇ ਸਲਾਹਕਾਰਾਂ ਵਜੋਂ ਆਪਣਾ ਨਾਂ ਹਟਾਏ ਜਾਣ ਦੀ ਮੰਗ ਕੀਤੀ ਹੈ। ਪਾਲਸੀਕਰ ਤੇ ਯਾਦਵ, ਜੋ 9ਵੀਂ ਤੋਂ 12ਵੀਂ ਜਮਾਤਾਂ ਵਾਸਤੇ ਮੌਲਿਕ ਰਾਜਨੀਤੀ ਵਿਗਿਆਨ ਦੀਆਂ ਕਿਤਾਬਾਂ ਲਈ ਮੁੱਖ ਸਲਾਹਕਾਰ ਹਨ, ਨੇ ਐੱਨਸੀਈਆਰਟੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਤਰਕਸੰਗਤ ਬਣਾਉਣ ਦੀ ਇਸ ਕਵਾਇਦ ਨੇ ਪਾਠ ਪੁਸਤਕਾਂ ਨੂੰ ਖੰਡਿਤ ਤੇ ਅਕਾਦਮਿਕ ਰੂਪ ‘ਚ ਬੇਕਾਰ (ਅਰਥਹੀਣ) ਬਣਾ ਦਿੱਤਾ ਹੈ।
ਉਨ੍ਹਾਂ ਐੱਨਸੀਈਆਰਟੀ ਨੂੰ ਕਿਹਾ ਕਿ ਉਹ ਰਾਜਨੀਤੀ ਸ਼ਾਸਤਰ ਦੀਆਂ ਸਾਰੀਆਂ ਪਾਠ ਪੁਸਤਕਾਂ ਵਿਚੋਂ ਮੁੱਖ ਸਲਾਹਕਾਰਾਂ ਵਜੋਂ ਉਨ੍ਹਾਂ ਦੇ ਨਾਮ ਹਟਾ ਦੇਵੇ। ਉਨ੍ਹਾਂ ਕਿਹਾ, ”ਤਰਕਸ਼ੀਲਤਾ ਦੇ ਨਾਂ ‘ਤੇ ਤਰਮੀਮਾਂ ਨੂੰ ਨਿਆਂਸੰਗਤ ਠਹਿਰਾਇਆ ਜਾ ਰਿਹੈ, ਪਰ ਅਸੀਂ ਕਿਸੇ ਵੀ ਤਾਲੀਮੀ ਤਰਕ ਜਾਂ ਅਧਾਰ ਨੂੰ ਵੇਖਣ ਵਿਚ ਨਾਕਾਮ ਹਾਂ। ਸਾਨੂੰ ਪਤਾ ਲੱਗਾ ਹੈ ਕਿ ਪਾਠ ਪੁਸਤਕਾਂ ਦੇ ਵਿਸ਼ਾ-ਵਸਤੂ ਵਿੱਚ ਇੰਨੀ ਕੱਟ-ਵੱਢ ਕੀਤੀ ਗਈ ਹੈ, ਜੋ ਪਛਾਣ ਤੋਂ ਪਰ੍ਹੇ ਹੈ। ਕੱਟ-ਵੱਢ ਬੇਹਿਸਾਬੀ ਤੇ ਤਰਕਹੀਣ ਹੈ ਤੇ ਵੱਡੀ ਕਾਟ-ਕਟਾਈ, ਜਿਸ ਦੇ ਖੱਪੇ ਪੂਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਐੱਨਸੀਈਆਰਟੀ ਡਾਇਰੈਕਟਰ ਦਨਿੇਸ਼ ਸਕਲਾਨੀ ਨੂੰ ਲਿਖੇ ਪੱਤਰ ‘ਚ ਉਨ੍ਹਾਂ ਕਿਹਾ, ”ਇਨ੍ਹਾਂ ਤਬਦੀਲੀਆਂ ਬਾਰੇ ਨਾ ਸਾਨੂੰ ਦੱਸਿਆ ਗਿਆ ਤੇ ਨਾ ਕੋਈ ਸਲਾਹ ਮਸ਼ਵਰਾ ਕੀਤਾ। ਜੇਕਰ ਐੱਨਸੀਈਆਰਟੀ ਨੇ ਕੁਝ ਹੋਰਨਾਂ ਮਾਹਿਰਾਂ ਨਾਲ ਰਾਏ-ਮਸ਼ਵਰਾ ਕੀਤਾ ਵੀ ਹੈ ਤਾਂ ਅਸੀਂ ਉਨ੍ਹਾਂ ਨਾਲ ਇਤਫ਼ਾਕ ਨਹੀਂ ਰੱਖਦੇ।” -ਪੀਟੀਆਈ