ਪਾਕਿ ਵੱਲੋਂ ਮੁੜ ਭਾਰਤੀ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ
ਪਾਕਿਸਤਾਨ ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੰਧੂ ਨੇ ਅੱਜ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਫੌਜਾਂ ਨੇ ਮਈ ਵਿੱਚ ਭਾਰਤ ਨਾਲ ਹੋਏ ਟਕਰਾਅ ਦੌਰਾਨ ਆਧੁਨਿਕ ਭਾਰਤੀ ਜਹਾਜ਼ਾਂ ਅਤੇ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਸੀ। ਇਸ ਸਬੰਧੀ ਹਵਾਈ ਫੌਜ ਮੁਖੀ ਨੇ ਕੋਈ ਸਬੂਤ ਨਹੀਂ ਦਿੱਤੇ।
ਇਹ ਦਾਅਵਾ ਭਾਰਤੀ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵੱਲੋਂ ਅਕਤੂਬਰ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਮਲਿਆਂ ਵਿੱਚ ਘੱਟੋ-ਘੱਟ ਇੱਕ ਦਰਜਨ ਪਾਕਿਸਤਾਨੀ ਫੌਜੀ ਜਹਾਜ਼ ਜਿਨ੍ਹਾਂ ਵਿੱਚ ਅਮਰੀਕੀ ਮੂਲ ਦੇ ਐਫ-16 ਜੈੱਟ ਅਤੇ ਚੀਨੀ ਮੂਲ ਦੇ ਜੇਐਫ-17 ਸ਼ਾਮਲ ਸਨ, ਤਬਾਹ ਹੋ ਗਏ ਜਾਂ ਨੁਕਸਾਨੇ ਗਏ ਸਨ।
ਖੈਬਰ ਪਖਤੂਨਖਵਾ ਵਿੱਚ ਪਾਕਿਸਤਾਨ ਹਵਾਈ ਫੌਜ (ਪੀਏਐਫ) ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਅਧਿਕਾਰੀ ਬਾਬਰ ਸਿੰਧੂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜਾਂ ਨੇ ਭਾਰਤ ਦੇ ਸਭ ਤੋਂ ਆਧੁਨਿਕ ਅਤੇ ਸਮਰੱਥ ਜਹਾਜ਼ਾਂ ਜਿਨ੍ਹਾਂ ਵਿੱਚ ਕਈ ਰਾਫੇਲ, ਐਸਯੂ-30ਐਮਕੇਆਈ, ਮਿਰਾਜ 2000, ਮਿਗ-29 ਅਤੇ ਮਾਨਵ ਰਹਿਤ ਹਵਾਈ ਪ੍ਰਣਾਲੀਆਂ ਸ਼ਾਮਲ ਹਨ, ਨੂੰ ਤਬਾਹ ਕਰ ਦਿੱਤਾ ਸੀ। ਸਿੰਧੂ ਨੇ ਮਈ ਵਿੱਚ ਹੋਏ ਟਕਰਾਅ ਨੂੰ ਭਿਆਨਕ ਹਵਾਈ ਲੜਾਈ ਵੀ ਕਰਾਰ ਦਿੱਤਾ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜਾਂ ਨੇ ਉੱਤਰ ਤੋਂ ਦੱਖਣ ਤੱਕ ਭਾਰਤੀ ਟਿਕਾਣਿਆਂ ਅਤੇ ਜ਼ਮੀਨੀ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਅਤਿ-ਆਧੁਨਿਕ S-400 ਹਵਾਈ ਰੱਖਿਆ ਪ੍ਰਣਾਲੀ ਅਤੇ ਕਮਾਂਡ-ਐਂਡ-ਕੰਟਰੋਲ ਕੇਂਦਰਾਂ ਨੂੰ ਬੇਅਸਰ ਕਰ ਦਿੱਤਾ।
ਪਾਕਿਸਤਾਨ ਨੇ ਮਈ ਦੀ ਜੰਗ ਤੋਂ ਬਾਅਦ ਕਈ ਵਾਰ ਭਾਰਤੀ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ ਪਰ ਕਿਸੇ ਵੀ ਜਹਾਜ਼ ਬਾਰੇ ਸਬੂਤ ਨਸ਼ਰ ਨਹੀਂ ਕੀਤੇ ਗਏ। ਪੀਟੀਆਈ
