ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਦਿੱਲੀ ਦੀ ਲੋਧੀ ਕਲੋਨੀ ਪੁਲੀਸ ਨੇ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੇ ਦੋੋਸ਼ ਵਿੱਚ ਨੇਗਾ-ਯੂ ਰੇਸਤਰਾਂ ਦੇ ਮੈਨੇਜਰ ਸਮੇਤ ਤਿੰਨ ਹੋਰਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 105 ਆਕਸੀਜਨ ਸਿਲੰਡਰ ਬਰਾਮਦ ਕੀਤੇ ਹਨ। ਇਹ ਸਿਲੰਡਰ ਉਨ੍ਹਾਂ ਖ਼ਾਨ ਮਾਰਕੀਟ ਦੇ ਦੋ ਰੈਸਟਰੈਂਟਾਂ ਵਿੱਚ ਜਮ੍ਹਾਂ ਕਰ ਕੇ ਰੱਖੇ ਹੋਏ ਸਨ। ਉਕਤ ਰੇਸਤਰਾਂ ਦੇ ਮੈਨੇਜਰ ਹਿਤੇਸ਼ ਪ੍ਰਕਾਸ਼ ਨੇ ਪੁੱਛ-ਪੜਤਾਲ ਦੌਰਾਨ ਪੁਲੀਸ ਨੂੰ ਦੱਸਿਆ ਕਿ 96 ਆਕਸੀਜਨ ਕੰਸਨਟਰੇਟਰ ਟਾਊਨ ਹਾਲ ਤੇ 9 ਖ਼ਾਨ ਚਾਚਾ ਰੇਸਤਰਾਂ ਵਿੱਚ ਰੱਖੇ ਹੋਏ ਹਨ। ਪੁਲੀਸ ਦੀ ਟੀਮ ਨੇ ਰੈਸਟੋਰੈਂਟਾਂ ਵਿੱਚ ਛਾਪਾ ਮਾਰ ਕੇ ਇਹ ਸਿਲੰਡਰ ਬਰਾਮਦ ਕਰ ਲਏ ਹਨ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਰੈਸਟੋਰੈਂਟਾਂ ਦਾ ਮਾਲਕ ਨਵਨੀਤ ਕਾਲੜਾ ਹੈ, ਜੋ ਸਿਲੰਡਰਾਂ ਦਾ ਭੇਤ ਖੁੱਲ੍ਹਣ ਮਗਰੋਂ ਫ਼ਰਾਰ ਹੋ ਗਿਆ ਹੈ। ਪੁਲੀਸ ਵੱਲੋਂ ਸਿਲੰਡਰਾਂ ਦੀ ਜ਼ਖ਼ੀਰੇਬਾਜ਼ੀ ਵਿੱਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਗ੍ਰਿਫ਼ਤਾਰ ਹਿਤੇਸ਼, ਗੌਰਵ ਸਿੰਘ, ਸਤੀਸ਼ ਸੇਠੀ ਤੇ ਵਿਕਰਮ ਸਿੰਘ ਖ਼ਿਲਾਫ਼ ਮਹਾਮਾਰੀ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਬੀਤੇ ਦਿਨੀਂ ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 419 ਕੰਸਨਟਰੇਟਰ ਬਰਾਮਦ ਕੀਤੇ ਸਨ, ਜੋ ਅੱਗੇ ਪ੍ਰਤੀ ਨਗ 70 ਹਜ਼ਾਰ ਵਿੱਚ ਵੇਚੇ ਜਾਣੇ ਸਨ।