ਸੁਰੰਗ ਦੇ ਨਿਰਮਾਣ ਕਾਰਜ ਕਾਰਨ ਤਰੇੜਾਂ ਆਉਣ ਤੋਂ ਬਾਅਦ ਸ਼ਿਮਲਾ ਵਿੱਚ 10 ਤੋਂ ਵੱਧ ਰਿਹਾਇਸ਼ੀ ਇਮਾਰਤਾਂ ਖ਼ਤਰੇ ਹੇਠ
ਸ਼ਿਮਲਾ ਦੇ ਸ਼ਾਂਤੀ ਵਿਹਾਰ ਵਾਰਡ ਵਿੱਚ 10 ਤੋਂ ਵੱਧ ਰਿਹਾਇਸ਼ੀ ਇਮਾਰਤਾਂ 'ਚ ਤਰੇੜਾਂ ਆਉਣ ਤੋਂ ਬਾਅਦ ਉਹ ਖ਼ਤਰੇ ਹੇਠ ਆ ਗਈਆਂ ਹਨ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਤਰੇੜਾਂ ਚਲੌਂਠੀ...
ਸ਼ਿਮਲਾ ਦੇ ਸ਼ਾਂਤੀ ਵਿਹਾਰ ਵਾਰਡ ਵਿੱਚ 10 ਤੋਂ ਵੱਧ ਰਿਹਾਇਸ਼ੀ ਇਮਾਰਤਾਂ 'ਚ ਤਰੇੜਾਂ ਆਉਣ ਤੋਂ ਬਾਅਦ ਉਹ ਖ਼ਤਰੇ ਹੇਠ ਆ ਗਈਆਂ ਹਨ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਤਰੇੜਾਂ ਚਲੌਂਠੀ ਤੋਂ ਚਮਿਆਣਾ ਅਤੇ ਚਮਿਆਣਾ ਤੋਂ ਚਲੌਂਠੀ ਵਿਚਕਾਰ ਬਣ ਰਹੀਆਂ ਦੋ ਸਮਾਨਾਂਤਰ (parallel) ਸੁਰੰਗਾਂ ਦੇ ਚੱਲ ਰਹੇ ਨਿਰਮਾਣ ਕਾਰਜ ਦੇ ਨਤੀਜੇ ਵਜੋਂ ਆਈਆਂ ਹਨ। ਇਹ ਸੁਰੰਗਾਂ ਢੱਲੀ-ਕੈਥਲੀਘਾਟ ਫੋਰ ਲੇਨ ਦੇ ਹਿੱਸੇ ਵਜੋਂ ਬਣਾਈਆਂ ਜਾ ਰਹੀਆਂ ਹਨ।
ਇਮਾਰਤਾਂ ਦੇ ਹੋਰ ਨੁਕਸਾਨ ਦੇ ਡਰੋਂ, ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਅਤੇ ਚੱਲ ਰਹੇ ਨਿਰਮਾਣ ਕਾਰਜ ਨੂੰ ਤੁਰੰਤ ਰੋਕਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ।
ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਅਤੇ ਗਾਵਰ ਕੰਪਨੀ 'ਤੇ ਦੋਸ਼ ਲਗਾਉਂਦੇ ਹੋਏ, ਸ਼ਾਂਤੀ ਵਿਹਾਰ ਵਾਰਡ ਦੇ ਕੌਂਸਲਰ ਵਿਨੀਤ ਸ਼ਰਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਥੇ ਦੋ ਸਮਾਨਾਂਤਰ ਸੁਰੰਗਾਂ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਤੋਂ ਬਾਅਦ ਖੇਤਰ ਦੀਆਂ 10 ਤੋਂ 12 ਰਿਹਾਇਸ਼ੀ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਥੋਂ ਦੇ ਲੋਕ ਸੁਰੰਗ ਦੀ ਉਸਾਰੀ ਲਈ ਰਾਤ ਵੇਲੇ ਬਲਾਸਟਿੰਗ (ਧਮਾਕੇ) ਕਰਨ ਦੀ ਸ਼ਿਕਾਇਤ ਕਰ ਰਹੇ ਹਨ, ਜਿਸ ਕਾਰਨ ਕਈ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਹਾਈਵੇਅ ਅਥਾਰਟੀ ਅਤੇ ਕੰਪਨੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਕੋਈ ਬਲਾਸਟਿੰਗ ਨਹੀਂ ਕੀਤੀ ਗਈ ਸੀ।
ਉਨ੍ਹਾਂ ਕਿਹਾ, "ਕੰਪਨੀ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਮੇਤ ਕਿਸੇ ਵੀ ਨੁਮਾਇੰਦੇ ਨੂੰ ਸੂਚਿਤ ਨਹੀਂ ਕੀਤਾ ਸੀ ਅਤੇ ਪੂਰੇ ਖੇਤਰ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਵਾਈ ਗਈ ਸੀ। ਕੱਲ੍ਹ, ਅਸੀਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਇੱਕ ਟੀਮ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।"
ਮੌਕੇ 'ਤੇ ਮੌਜੂਦ ਸ਼ਿਮਲਾ (ਦਿਹਾਤੀ) ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ ਡੀ ਐੱਮ) ਮਨਜੀਤ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਨਜ਼ਰੇ ਇਹੀ ਲੱਗਦਾ ਹੈ ਕਿ ਇਹ ਨੁਕਸਾਨ ਇਲਾਕੇ ਵਿੱਚ ਚੱਲ ਰਹੇ ਸੁਰੰਗ ਨਿਰਮਾਣ ਕਾਰਜਾਂ ਦੇ ਸਿੱਟੇ ਵਜੋਂ ਹੋਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹਤਿਆਤ ਵਜੋਂ ਉਸਾਰੀ ਕਾਰਜਾਂ ਵਿੱਚ ਲੱਗੀ ਕੰਪਨੀ ਨੂੰ ਤੁਰੰਤ ਕੰਮ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਐੱਸ ਡੀ ਐੱਮ ਨੇ ਕਿਹਾ ਕਿ ਲੋਕਾਂ ਨੂੰ ਇਮਾਰਤਾਂ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਹੈ ਕਿਉਂਕਿ ਤਰੇੜਾਂ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ, "ਸਥਿਤੀ ਬਾਰੇ ਸਪਸ਼ਟੀਕਰਨ ਮੰਗਣ ਲਈ ਕੰਪਨੀ ਅਤੇ ਐੱਨ ਐੱਚ ਏ ਆਈ ਦੇ ਅਧਿਕਾਰੀਆਂ ਨੂੰ ਜਲਦੀ ਹੀ ਬੁਲਾਇਆ ਜਾਵੇਗਾ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ।"

