ਭੁਬਨੇਸ਼ਵਰ, 29 ਜਨਵਰੀ
ਉੜੀਸਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨਬ ਕਿਸ਼ੋਰ ਦਾਸ ਦੀ ਏਐੱਸਆਈ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਥੋਂ ਦੇ ਅਪੋਲੋ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਭੁਬਨੇਸ਼ਵਰ ਦੇ ਹਸਪਤਾਲ ‘ਚ ਹੈਲੀਕਾਪਟਰ ਰਾਹੀਂ ਪਹੁੰਚਾਇਆ ਗਿਆ ਸੀ ਜਿਥੇ ਉਨ੍ਹਾਂ ਸ਼ਾਮ ਨੂੰ ਦਮ ਤੋੜ ਦਿੱਤਾ। ਇਹ ਘਟਨਾ ਅੱਜ ਦੁਪਹਿਰ ਕਰੀਬ ਇਕ ਵਜੇ ਉਦੋਂ ਵਾਪਰੀ ਜਦੋਂ ਮੰਤਰੀ ਝਾਰਸੁਗੁੜਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਕਸਬੇ ‘ਚ ਇਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਪਹੁੰਚੇ ਸਨ। ਉਹ ਕਾਰ ‘ਚੋਂ ਜਿਵੇਂ ਹੀ ਉਤਰੇ ਤਾਂ ਏਐੱਸਆਈ ਗੋਪਾਲ ਦਾਸ ਨੇ ਉਨ੍ਹਾਂ ‘ਤੇ ਐਨ ਨੇੜਿਓਂ ਗੋਲੀਆਂ ਚਲਾ ਦਿੱਤੀਆਂ। ਬ੍ਰਜਰਾਜਨਗਰ ਦੇ ਐੱਸਡੀਪੀਓ ਗੁਪਤੇਸ਼ਵਰ ਭੋਈ ਨੇ ਦੱਸਿਆ ਕਿ ਏਐੱਸਆਈ ਨੂੰ ਸਥਾਨਕ ਲੋਕਾਂ ਨੇ ਤੁਰੰਤ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਹਮਲੇ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਅਪਰਾਧ ਸ਼ਾਖਾ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ