ਭੁਬਨੇਸ਼ਵਰ, 29 ਜਨਵਰੀ
ਮੁੱਖ ਅੰਸ਼
- ਸਮਾਗਮ ‘ਚ ਪਹੁੰਚੇ ਮੰਤਰੀ ‘ਤੇ ਚਲਾਈਆਂ ਗੋਲੀਆਂ
- ਮੁੱਖ ਮੰਤਰੀ ਨੇ ਹਮਲੇ ਦੀ ਜਾਂਚ ਦੇ ਦਿੱਤੇ ਹੁਕਮ
ਉੜੀਸਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨਬ ਕਿਸ਼ੋਰ ਦਾਸ ਦੀ ਏਐੱਸਆਈ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਥੋਂ ਦੇ ਅਪੋਲੋ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਭੁਬਨੇਸ਼ਵਰ ਦੇ ਹਸਪਤਾਲ ‘ਚ ਹੈਲੀਕਾਪਟਰ ਰਾਹੀਂ ਪਹੁੰਚਾਇਆ ਗਿਆ ਸੀ ਜਿਥੇ ਉਨ੍ਹਾਂ ਸ਼ਾਮ ਨੂੰ ਦਮ ਤੋੜ ਦਿੱਤਾ। ਇਹ ਘਟਨਾ ਅੱਜ ਦੁਪਹਿਰ ਕਰੀਬ ਇਕ ਵਜੇ ਉਦੋਂ ਵਾਪਰੀ ਜਦੋਂ ਮੰਤਰੀ ਝਾਰਸੁਗੁੜਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਕਸਬੇ ‘ਚ ਇਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਪਹੁੰਚੇ ਸਨ। ਉਹ ਕਾਰ ‘ਚੋਂ ਜਿਵੇਂ ਹੀ ਉਤਰੇ ਤਾਂ ਏਐੱਸਆਈ ਗੋਪਾਲ ਦਾਸ ਨੇ ਉਨ੍ਹਾਂ ‘ਤੇ ਐਨ ਨੇੜਿਉਂ ਗੋਲੀਆਂ ਚਲਾ ਦਿੱਤੀਆਂ। ਬ੍ਰਜਰਾਜਨਗਰ ਦੇ ਐੱਸਡੀਪੀਓ ਗੁਪਤੇਸ਼ਵਰ ਭੋਈ ਨੇ ਦੱਸਿਆ ਕਿ ਏਐੱਸਆਈ ਨੂੰ ਸਥਾਨਕ ਲੋਕਾਂ ਨੇ ਤੁਰੰਤ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਹਮਲੇ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਅਪਰਾਧ ਸ਼ਾਖਾ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਹਸਪਤਾਲ ਦਾ ਦੌਰਾ ਕਰਕੇ ਆਪਣੇ ਮੰਤਰੀ ਦਾ ਹਾਲ-ਚਾਲ ਵੀ ਜਾਣਿਆ ਸੀ। ਵੀਡੀਓ ਫੁਟੇਜ ‘ਚ ਨਬ ਕਿਸ਼ੋਰ ਦਾਸ ਦੀ ਛਾਤੀ ‘ਚੋਂ ਖੂਨ ਨਿਕਲਦਾ ਦਿਖਾਈ ਦੇ ਰਿਹਾ ਹੈ ਅਤੇ ਲੋਕ ਮੰਤਰੀ ਨੂੰ ਚੁੱਕ ਕੇ ਕਾਰ ਦੀ ਅਗਲੀ ਸੀਟ ‘ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਪਹਿਲਾਂ ਝਾਰਸੁਗੁੜਾ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ‘ਚ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਭੁਬਨੇਸ਼ਵਰ ਭੇਜਣ ਦੇ ਪ੍ਰਬੰਧ ਕੀਤੇ ਗਏ ਸਨ। ਡੀਸੀਪੀ ਪ੍ਰਤੀਕ ਸਿੰਘ ਨੇ ਦੱਸਿਆ ਕਿ ਮੰਤਰੀ ਨੂੰ ਇੱਥੇ ਲਿਆਉਣ ਲਈ ਗਰੀਨ ਕੌਰੀਡੌਰ ਬਣਾਇਆ ਗਿਆ ਸੀ। ਬ੍ਰਜਰਾਜਨਗਰ ‘ਚ ਘਟਨਾ ਮਗਰੋਂ ਤਣਾਅ ਦਾ ਮਾਹੌਲ ਬਣ ਗਿਆ ਅਤੇ ਬੀਜੇਡੀ ਮੰਤਰੀ ਦੇ ਸਮਰਥਕਾਂ ਨੇ ਸੁਰੱਖਿਆ ਖਾਮੀ ‘ਤੇ ਸਵਾਲ ਉਠਾਏ। ਝਾਰਸੁਗੁੜਾ ਦੇ ਮਾਈਨਿੰਗ ਇਲਾਕੇ ‘ਚ ਆਪਣੀ ਚੰਗੀ ਪੈਠ ਰੱਖਣ ਵਾਲੇ ਮੰਤਰੀ ਨਬ ਕਿਸ਼ੋਰ ਦਾਸ 2019 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਬੀਜੇਡੀ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਕੋਲਾ ਖਾਣਾਂ, ਢੋਆ-ਢੁਆਈ ਅਤੇ ਮਹਿਮਾਨ ਨਿਵਾਜ਼ੀ ਖੇਤਰਾਂ ‘ਚ ਕਈ ਕਾਰੋਬਾਰ ਦੱਸੇ ਜਾਂਦੇ ਹਨ। -ਪੀਟੀਆਈ
ਡਾਕਟਰਾਂ ਨੂੰ ਸ਼ਰੀਰ ‘ਚੋਂ ਇਕ ਗੋਲੀ ਮਿਲੀ
ਭੁਬਨੇਸ਼ਵਰ: ਅਪੋਲੋ ਹਸਪਤਾਲ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸ੍ਰੀ ਦਾਸ ਦੇ ਸ਼ਰੀਰ ‘ਚੋਂ ਇਕ ਹੀ ਗੋਲੀ ਮਿਲੀ ਹੈ ਜਿਸ ਨੇ ਉਨ੍ਹਾਂ ਦੇ ਦਿਲ ਅਤੇ ਖੱਬੇ ਫੇਫੜੇ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਦਾ ਤੁਰੰਤ ਅਪਰੇਸ਼ਨ ਕਰਕੇ ਜਾਨ ਬਚਾਉਣ ਦੀ ਕੋਸ਼ਿਸ਼ ਗਈ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। -ਪੀਟੀਆਈ