DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dia Mirza ਦੀ ਵੀਡੀਓ ਮੁੜ ਅਪਲੋਡ ਕਰਨ ਦੇ ਹੁਕਮ

ਸੰਵਿਧਾਨ ਸਾਰੇ ਨਾਗਰਿਕਾਂ ਕੋਲੋਂ ਧਰਮ ਨਿਰਪੱਖ ਭਾਵਨਾ ਦੀ ਆਸ ਕਰਦਾ ਹੈ: ਹਾੲੀ ਕੋਰਟ

  • fb
  • twitter
  • whatsapp
  • whatsapp
Advertisement

ਬੰਬਈ ਹਾਈ ਕੋਰਟ ਨੇ ਅੱਜ ਬੀ ਐੱਮ ਸੀ ਦੀ ਵਾਤਾਵਰਨ ਅਨੁਕੂਲ ਅਤੇ ਪਟਾਕਾ-ਮੁਕਤ ਦੀਵਾਲੀ ਮੁਹਿੰਮ ਲਈ ਅਦਾਕਾਰਾ ਦੀਆ ਮਿਰਜ਼ਾ ਦੀ ਵੀਡੀਓ ਬਾਰੇ ਹੋਏ ਵਿਵਾਦ ’ਤੇ ਆਪਣੀ ਡੂੰਘੀ ਪੀੜ ਅਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਨਗਰ ਨਿਗਮ ਨੂੰ ਅਦਾਕਾਰਾ ਦੀ ਕਲਿੱਪ ਮੁੜ ਅਪਲੋਡ ਕਰਨ ਲਈ ਕਿਹਾ ਹੈ। ਅਦਾਲਤ ਨੇ ਜਨਤਾ ਨੂੰ ਚੇਤੇ ਕਰਵਾਇਆ ਕਿ ਦੇਸ਼ ਦਾ ਸੰਵਿਧਾਨ ਸਾਰੇ ਨਾਗਰਿਕਾਂ ਕੋਲੋਂ ਧਰਮ ਨਿਰਪੱਖ ਭਾਵਨਾ ਦਾ ਪਸਾਰ ਕਰਨ ਦੀ ਆਸ ਕਰਦਾ ਹੈ।

ਜਸਟਿਸ ਗਿਰੀਸ਼ ਕੁਲਕਰਨੀ ਅਤੇ ਜਸਟਿਸ ਨੀਲਾ ਗੋਖਲੇ ਦੇ ਬੈਂਚ ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਕਿਹਾ ਕਿ ਉਹ ਕੁਝ ਵਿਅਕਤੀਆਂ, ਖ਼ਾਸ ਕਰ ਕੇ ਆਮ ਲੋਕਾਂ ਦੇ ਨੁਮਾਇੰਦਿਆਂ ਦੀ ਘਟੀਆ ਮਾਨਸਿਕਤਾ ਤੋਂ ਦੁਖੀ ਹਨ। ਇਹ ਮੰਦਭਾਗੀ ਗੱਲ ਹੈ ਕਿ ਵਾਤਾਵਰਨ ਅਤੇ ਹਵਾ ਤੇ ਸ਼ੋਰ ਪ੍ਰਦੂਸ਼ਣ ਬਾਰੇ ਜਾਗਰੂਕਤਾ ਫੈਲਾਉਣ ਲਈ ਬਣਾਈ ਗਈ ਵੀਡੀਓ ਨੂੰ ਅਜਿਹਾ ਰੰਗ ਦਿੱਤਾ ਗਿਆ। ਕੋਈ ਵੀ ਸ਼ਖ਼ਸ ਇਹ ਸਵਾਲ ਨਹੀਂ ਕਰ ਸਕਦਾ ਕਿ ਅਧਿਕਾਰੀਆਂ ਨੇ ਜਾਗਰੂਕਤਾ ਫੈਲਾਉਣ ਲਈ ਕਿਸੇ ਖ਼ਾਸ ਮਸ਼ਹੂਰ ਸ਼ਖ਼ਸੀਅਤ ਦੀ ਚੋਣ ਕਿਉਂ ਕੀਤੀ ਗਈ।

Advertisement

ਅਦਾਲਤ ਨੇ ਕਿਹਾ, ‘‘ਇੱਕ ਧਰਮ-ਨਿਰਪੱਖ ਭਾਵਨਾ ਹੋਣੀ ਚਾਹੀਦੀ ਹੈ ਅਤੇ ਸੰਵਿਧਾਨ ਨਾਗਰਿਕਾਂ ਕੋਲੋਂ ਇਸ ਨੂੰ ਬਣਾ ਕੇ ਰੱਖਣ ਦੀ ਆਸ ਕਰਦਾ ਹੈ। ਜੇਕਰ ਕਲਿੱਪ ਨੂੰ ਹਟਾ ਦਿੱਤਾ ਗਿਆ ਸੀ, ਤਾਂ ਇਹ ਆਦਰਸ਼ ਹੋਵੇਗਾ ਕਿ ਉਸ ਨੂੰ ਦੁਬਾਰਾ ਅੱਪਲੋਡ ਕੀਤਾ ਜਾਵੇ।’’ ਬੈਂਚ ਨੇ ਨਾਲ ਹੀ ਕਿਹਾ ਕਿ ਮੁੰਬਈ ਵਰਗਾ ਸ਼ਹਿਰ ਆਪਸੀ ਸਾਂਝ ਅਤੇ ਸਬੰਧਾਂ ਦੀ ਮਜ਼ਬੂਤ ਭਾਵਨਾ ’ਤੇ ਜਿਉਂਦਾ ਹੈ, ਜਿਸ ਨੂੰ ਬੇਲੋੜੀਆਂ ਟਿੱਪਣੀਆਂ ਨਾਲ ਭੰਗ ਨਹੀਂ ਕੀਤਾ ਜਾਣਾ ਚਾਹੀਦਾ।

Advertisement

ਸੋਮਵਾਰ ਨੂੰ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਦੀ ਵਾਤਾਵਰਨ ਅਨੁਕੂਲ ਦੀਵਾਲੀ ਮੁਹਿੰਮ ਲਈ ਮਿਰਜ਼ਾ ਦੀ ਵੀਡੀਓ ਸਬੰਧੀ ਉਸ ਸਮੇਂ ਸਿਆਸੀ ਵਿਵਾਦ ਛਿੜ ਗਿਆ, ਜਦੋਂ ਮੁੰਬਈ ਭਾਜਪਾ ਪ੍ਰਧਾਨ ਅਮਿਤ ਸਾਤਮ ਦੇ ਇਤਰਾਜ਼ ਅਤੇ ਮੇਅਰ ਰਿਤੂ ਤਾਵੜੇ ਦੀਆਂ ਉਨ੍ਹਾਂ (ਦੀਆ) ਨੂੰ ਹਿੰਦੂ-ਵਿਰੋਧੀ ਦੱਸਣ ਵਾਲੀਆਂ ਟਿੱਪਣੀਆਂ ਤੋਂ ਬਾਅਦ ਨਗਰ ਨਿਗਮ ਨੇ ਸੋਸ਼ਲ ਮੀਡੀਆ ਤੋਂ ਅਦਾਕਾਰਾ ਦੀ ਕਲਿੱਪ ਨੂੰ ਚੋਣਵੇਂ ਤੌਰ ’ਤੇ ਹਟਾ ਦਿੱਤਾ ਸੀ।

ਦੂਜੇ ਪਾਸੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀ ਐੱਮ ਸੀ ਵੱਲੋਂ ਅਦਾਕਾਰਾ ਦੀਆ ਮਿਰਜ਼ਾ ਦੀ ਪਟਾਕਿਆਂ-ਵਿਰੋਧੀ ਵੀਡੀਓ ਨੂੰ ਹਟਾਏ ਜਾਣ ਦੇ ਵਿਵਾਦ ਨੂੰ ਛੋਟਾ ਮੁੱਦਾ ਕਰਾਰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਪੱਧਰ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੰਬਈ ਹਾਈ ਕੋਰਟ ਨੇ ਨਗਰ ਨਿਗਮ ਦੀ ਕੋਈ ਝਾੜਝੰਬ ਨਹੀਂ ਕੀਤੀ।

ਭਾਜਪਾ ਨੇ ਦੀਆ ਮਿਰਜ਼ਾ ਅਤੇ ਨਸੀਰੂਦੀਨ ਸ਼ਾਹ ’ਤੇ ਨਿਸ਼ਾਨਾ ਸੇਧਿਆ

ਨਵੀਂ ਦਿੱਲੀ: ਭਾਜਪਾ ਨੇ ਅਦਾਕਾਰਾ ਦੀਆ ਮਿਰਜ਼ਾ ਅਤੇ ਨਸੀਰੂਦੀਨ ਸ਼ਾਹ ’ਤੇ ਵਾਤਾਵਰਨ ਨਾਲ ਜੁੜੀਆਂ ਚਿੰਤਾਵਾਂ ਬਾਰੇ ਚੋਣਵੇਂ ਤੌਰ ’ਤੇ ਰੋਸ ਪ੍ਰਗਟਾਉਣ ਦਾ ਦੋਸ਼ ਲਾਇਆ। ਪਾਰਟੀ ਨੇ ਦੋਸ਼ ਲਾਇਆ ਕਿ ਉਹ ਦੂਜੇ ਧਰਮਾਂ ਦੇ ਤਿਉਹਾਰਾਂ ਦੌਰਾਨ ਪ੍ਰਦੂਸ਼ਣ ਨਾਲ ਜੁੜੇ ਮਾਮਲਿਆਂ ’ਤੇ ਚੁੱਪ ਰਹਿੰਦੇ ਹਨ ਪਰ ਹਿੰਦੂ ਤਿਉਹਾਰਾਂ ’ਤੇ ਸਵਾਲ ਖੜ੍ਹੇ ਕਰਦੇ ਹਨ। ਭਾਜਪਾ ਦੇ ਤਰਜਮਾਨ ਗੌਰਵ ਭਾਟੀਆ ਨੇ ਕਿਹਾ, ‘‘ਇੱਥੇ ਚੋਣਵਾਂ ਸੁਨੇਹਾ ਦਿੱਤਾ ਜਾਂਦਾ ਹੈ। ਜਦੋਂ ਈਦ ਤੇ ਬਕਰੀਦ ਆਉਂਦੀ ਹੈ ਅਤੇ ਬੱਕਰੇ ਕੱਟਣ ਕਾਰਨ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ ਤਾਂ ਨਸੀਰੂਦੀਨ ਸ਼ਾਹ ਤੇ ਦੀਆ ਮਿਰਜ਼ਾ ਵਰਗੇ ਲੋਕ ਇੱਕ ਸ਼ਬਦ ਵੀ ਨਹੀਂ ਕਹਿੰਦੇ।’’ ਦੂਜੇ ਪਾਸੇ, ਬੰਬਈ ਹਾਈ ਕੋਰਟ ਦੀਆਂ ਟਿੱਪਣੀਆਂ ਨੂੰ ਭਾਜਪਾ ਆਗੂਆਂ ਲਈ ਕਰਾਰਾ ਥੱਪੜ ਕਰਾਰ ਦਿੰਦਿਆਂ ਮਹਾਰਾਸ਼ਟਰ ਕਾਂਗਰਸ ਦੇ ਤਰਜਮਾਨ ਸਚਿਨ ਸਾਵੰਤ ਨੇ ਮੰਗ ਕੀਤੀ ਕਿ ਸੱਤਾਧਾਰੀ ਪਾਰਟੀ ਮੁਆਫ਼ੀ ਮੰਗੇ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮੁਹਿੰਮ ਦੀ ਕਲਿੱਪ ਹਟਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। -ਪੀਟੀਆਈ

ਸੁਪਰੀਮ ਕੋਰਟ ਪਟਾਕਿਆਂ ਦੀ ਧੜੱਲੇ ਨਾਲ ਵਿਕਰੀ ਤੋਂ ਹੈਰਾਨ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇਸ ਵੱਲੋਂ ਲਾਈਆਂ ਪਾਬੰਦੀਆਂ ਦੇ ਬਾਵਜੂਦ ਦਿੱਲੀ ਦੇ ਬਾਜ਼ਾਰਾਂ ਵਿੱਚ ਵੱਖ-ਵੱਖ ਕਿਸਮਾਂ ਦੇ ਪਟਾਕਿਆਂ ਦੀ ਵਿਕਰੀ ਬਾਰੇ ਇੱਕ ਅਖ਼ਬਾਰ ਦੀ ਖ਼ਬਰ ਦਾ ਜ਼ਿਕਰ ਕਰਦਿਆਂ ਕੇਂਦਰ ਨੂੰ ਪਟਾਕਿਆਂ ਸਬੰਧੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਜਸਟਿਸ ਐੱਮ ਐੱਮ ਸੁੰਦਰੇਸ਼ ਅਤੇ ਜਸਟਿਸ ਪੀ ਬੀ ਵਰਾਲੇ ਦੇ ਬੈਂਚ ਨੇ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੂੰ ਕਿਹਾ, ‘‘ਅੱਜ ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਵਿੱਚ ਇੱਕ ਤਸਵੀਰ ਹੈ... ਉਹ ਕਹਿੰਦੇ ਹਨ ਕਿ ਕੱਲ੍ਹ ਦੇ ਹੁਕਮ ਦੇ ਬਾਵਜੂਦ ਹੁਣ ਦੁਕਾਨਾਂ ਵਿੱਚ ਹਰ ਚੀਜ਼ ਉਪਲਬਧ ਹੈ। ਕਿਰਪਾ ਕਰ ਕੇ ਇਸ ਵੱਲ ਧਿਆਨ ਦਿਓ।’’ ਜਸਟਿਸ ਸੁੰਦਰੇਸ਼ ਨੇ ਹੋਰ ਕਿਹਾ, ‘‘ਉਹ ਕਹਿੰਦੇ ਹਨ ਕਿ ਬਾਜ਼ਾਰ ਵਿੱਚ ਹਰ ਦੂਜਾ ਪਟਾਕਾ, ਲਾਇਸੈਂਸਸ਼ੁਦਾ, ਬਿਨਾਂ ਲਾਇਸੈਂਸ ਵਾਲਾ, ਕਿਊ ਆਰ ਕੋਡ ਵਾਲਾ ਜਾਂ ਬਿਨਾਂ ਕਿਊ ਆਰ ਕੋਡ ਵਾਲਾ, ਸਭ ਕੁਝ ਉਪਲਬਧ ਹੈ। ਕਿਰਪਾ ਕਰ ਕੇ ਇਸ ਦਾ ਨੋਟਿਸ ਲਓ।’’

ਅਦਾਲਤ ਨੇ ਦਿੱਲੀ-ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ 7 ਤੇ 8 ਨਵੰਬਰ (ਦੀਵਾਲੀ) ਨੂੰ ਸਵੇਰੇ 6 ਤੋਂ 7 ਵਜੇ ਅਤੇ ਰਾਤ ਨੂੰ 8 ਤੋਂ 10 ਵਜੇ ਤੱਕ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ ਦਿੱਲੀ-ਐੱਨ ਸੀ ਆਰ ਖੇਤਰ ਵਿੱਚ ਪਟਾਕੇ ਚਲਾਉਣ ਤੋਂ ਰੋਕਣ ਲਈ ਅਧਿਕਾਰੀਆਂ ਵੱਲੋਂ ਅਦਾਲਤ ਦੇ ਪਿਛਲੇ ਹੁਕਮਾਂ ਨੂੰ ਲਾਗੂ ਨਾ ਕੀਤੇ ਜਾਣ ’ਤੇ ਅਫ਼ਸੋਸ ਜ਼ਾਹਿਰ ਕੀਤਾ ਹੈ। -ਪੀਟੀਆਈ

Advertisement
×