ਲਾਵਾਰਿਸ ਪਸ਼ੂਆਂ ਬਾਰੇ ਹੁਕਮ ਗ਼ੈਰ-ਵਿਹਾਰਕ: ਮੇਨਕਾ
ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਸਿੱਖਿਆ ਸੰਸਥਾਵਾਂ, ਹਸਪਤਾਲਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵਰਗੇ ਖੇਤਰਾਂ ਵਿੱਚ ਕੁੱਤਿਆਂ ਵੱਲੋਂ ਕੱਟੇ ਜਾਣ ਦੀਆਂ ਘਟਨਾਵਾਂ ਵਿੱਚ ਖ਼ਤਰਨਾਕ ਵਾਧੇ ’ਤੇ ਗੌਰ ਕੀਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ’ਚ ਭੇਜਣ ਦੇ ਨਿਰਦੇਸ਼ ਦਿੱਤੇ। ਸਿਖ਼ਰਲੀ ਅਦਾਲਤ ਨੇ ਕੌਮੀ ਸ਼ਾਹਰਾਹ ਅਥਾਰਿਟੀ ਸਣੇ ਸਬੰਧਤ ਅਧਿਕਾਰੀਆਂ ਨੂੰ ਸ਼ਾਹਰਾਹਾਂ ਅਤੇ ਐਕਸਪ੍ਰੈੱਸਵੇਅ ਤੋਂ ਲਾਵਾਰਿਸ ਪਸ਼ੂਆਂ ਤੇ ਜਾਨਵਰਾਂ ਨੂੰ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਇੱਥੇ ਇਕ ਪ੍ਰੋਗਰਾਮ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਬੀਬੀ ਗਾਂਧੀ ਨੇ ਕਿਹਾ, ‘‘ਸੁਪਰੀਮ ਕੋਰਟ ਨੇ ਕਿਹਾ ਹੈ- ਕੁੱਤੇ ਹਟਾਓ, ਬਿੱਲੀਆਂ ਹਟਾਓ, ਬਾਂਦਰ ਹਟਾਓ, ਉਨ੍ਹਾਂ ਨੂੰ ਆਸਰਾ ਘਰਾਂ ’ਚ ਰੱਖੋ, ਉਨ੍ਹਾਂ ਦੀ ਨਸਬੰਦੀ ਕਰੋ ਪਰ ਅਸਲ ਵਿੱਚ ਕੋਈ ਅਜਿਹਾ ਨਹੀਂ ਕਰ ਸਕਦਾ, ਇਹ ਗ਼ੈਰ-ਵਿਹਾਰਕ ਹੈ।’’ ਉਨ੍ਹਾਂ ਨਗਰ ਨਿਗਮਾਂ ਵਿਚਾਲੇ ਤਾਲਮੇਲ ਦੀ ਘਾਟ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਇਹ ਗੱਲ ‘ਸਿਨੇਕਾਈਂਡ’ ਦੀ ਸ਼ੁਰੂਆਤ ਮੌਕੇ ਕਹੀ। ਇਹ ਪਹਿਲ ‘ਫਿਲਮ ਫੈਡਰੇਸ਼ਨ ਆਫ ਇੰਡੀਆ’ (ਐੱਫ ਐੱਫ ਆਈ) ਵੱਲੋਂ ਮੇਨਕਾ ਦੀ ਸੰਸਥਾ ‘ਪੀਪਲਜ਼ ਫਾਰ ਐਨੀਮਲਜ਼’ (ਪੀ ਐੱਫ ਆਈ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮਕਸਦ ਸਿਨੇਮਾ ਵਿੱਚ ਹਮਦਰਦੀ ਅਤੇ ਮਨੁੱਖੀ ਕਹਾਣੀ ਦਰਸਾਉਣ ਵਾਲਿਆਂ ਦਾ ਸਨਮਾਨ ਕਰਨਾ ਹੈ। ਪੁਰਸਕਾਰਾਂ ਦਾ ਉਦੇਸ਼ ਫਿਲਮ ਨਿਰਮਾਤਾਵਾਂ ਨੂੰ ਪਸ਼ੂਆਂ ਤੇ ਕੁਦਰਤ ਪ੍ਰਤੀ ਹਮਦਰਦੀ ਨੂੰ ਕਮਜ਼ੋਰੀ ਦੀ ਬਜਾਏ ਤਾਕਤ ਵਜੋਂ ਫਿਲਮਾਉਣ ਲਈ ਉਤਸ਼ਾਹਿਤ ਕਰਨਾ ਹੈ।
ਕੈਪਸ਼ਨ
ਨਵੀਂ ਦਿੱਲੀ ਵਿੱਚ ਪ੍ਰੋਗਰਾਮ ਦੌਰਾਨ ਸੰਸਦ ਮੈਂਬਰ ਮੇਨਕਾ ਗਾਂਧੀ ਅਤੇ ਫਿਲਮ ਨਿਰਮਾਤਾ ਫਿਰਦੌਸੁਲ ਹਾਸਨ ਤੇ ਹੋਰ। -ਫੋਟੋ: ਏਐੱਨਆਈ
