ਪੈਗਾਸਸ ਜਾਸੂਸੀ ਕਾਂਡ, ਖੇਤੀ ਕਾਨੂੰਨਾਂ ਅਤੇ ਮਹਿੰਗਾਈ ਸਮੇਤ ਹੋਰ ਮੁੱਦਿਆਂ ’ਤੇ ਸੰਸਦ ਵਿੱਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ

ਪੈਗਾਸਸ ਜਾਸੂਸੀ ਕਾਂਡ, ਖੇਤੀ ਕਾਨੂੰਨਾਂ ਅਤੇ ਮਹਿੰਗਾਈ ਸਮੇਤ ਹੋਰ ਮੁੱਦਿਆਂ ’ਤੇ ਸੰਸਦ ਵਿੱਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਹੰਗਾਮਾ ਕਰਦੇ ਹੋਏ ਵਿਰੋਧੀ ਧਿਰਾਂ ਦੇ ਮੈਂਬਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 4 ਅਗਸਤ

ਪੈਗਾਸਸ ਜਾਸੂਸੀ ਕਾਂਡ, ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮਾ ਲਗਾਤਾਰ ਜਾਰੀ ਹੈ। ਸਰਕਾਰ ਨੇ ਰੌਲੇ-ਰੱਪੇ ਦੌਰਾਨ ਲੋਕ ਸਭਾ ’ਚ ਦੋ ਅਤੇ ਰਾਜ ਸਭਾ ’ਚ ਤਿੰਨ ਬਿੱਲ ਪਾਸ ਕਰਵਾ ਲਏ। ਕਾਰਵਾਈ ’ਚ ਵਾਰ ਵਾਰ ਵਿਘਨ ਪਏ ਜਾਣ ਕਰਕੇ ਦੋਵੇਂ ਸਦਨਾਂ ਨੂੰ ਭਲਕੇ ਲਈ ਮੁਲਤਵੀ ਕਰ ਦਿੱਤਾ ਗਿਆ।  ਉਂਜ ਲੋਕ ਸਭਾ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਨੂੰ ਹੰਗਾਮਾ ਕਰਨ ਤੋਂ ਰੋਕਣ ਲਈ ਚਿਤਾਵਨੀ ਦਿੱਤੀ ਗਈ ਹੈ। ਲੋਕ ਸਭਾ ’ਚ ਹੰਗਾਮੇ ਦੌਰਾਨ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ, 2021 ਪੇਸ਼ ਕੀਤਾ। ਤੋਮਰ ਨੇ ਕਿਹਾ ਕਿ ਇਸ ਬਿੱਲ ਨਾਲ ਵੱਖ ਵੱਖ ਸੂਬਿਆਂ ਦੇ ਨਾਰੀਅਲ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਲਾਭ ਮਿਲੇਗਾ। ਵਿਰੋਧੀ ਧਿਰ ਵੱਲੋਂ ਇਤਰਾਜ਼ ਜਤਾਏ ਦੌਰਾਨ ਬਿੱਲ ਬਿਨਾਂ ਬਹਿਸ ਤੋਂ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਲੋਕ ਸਭਾ ਨੇ ਕੌਮੀ ਰਾਜਧਾਨੀ ਖੇਤਰ ਅਤੇ ਨਾਲ ਲਗਦੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਬਾਰੇ ਬਿੱਲ, 2021 ਨੂੰ ਪਾਸ ਕਰ ਦਿੱਤਾ ਸੀ। ਇਕ ਵਾਰ ਤਾਂ ਸਪੀਕਰ ਦੇ ਆਸਣ ’ਤੇ ਬੈਠੇ ਰਾਜੇਂਦਰ ਅਗਰਵਾਲ ਵੀ ਵਿਰੋਧੀ ਮੈਂਬਰਾਂ ਦੇ ਰਵੱਈਏ ਤੋਂ ਨਾਰਾਜ਼ ਹੋ ਗਏ ਸਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ,‘‘ਅਜਿਹਾ ਕੁਝ ਨਾ ਕਰੋ ਕਿ ਚੇਅਰ ਨੂੰ ਕੋਈ ਕਾਰਵਾਈ ਕਰਨੀ ਪਏ। ਜੇਕਰ ਸਪੀਕਰ ਖੜ੍ਹਾ ਹੈ ਤਾਂ ਤੁਹਾਨੂੰ ਬੈਠ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਸਾਰੇ ਜਣੇ ਆਪਣੀਆਂ ਸੀਟਾਂ ’ਤੇ ਚਲੇ ਜਾਣ। ਇਹ ਵਤੀਰਾ ਮਨਜ਼ੂਰ ਨਹੀਂ ਹੈ।’’ ਸਦਨ ਦੇ 8 ਸਾਬਕਾ ਮੈਂਬਰਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਵੀ ਦਿੱਤੀ ਗਈ। ਉਧਰ ਰਾਜ ਸਭਾ ’ਚ ਵਿਰੋਧੀ ਮੈਂਬਰਾਂ ਦੇ ਪ੍ਰਦਰਸ਼ਨ ਦੌਰਾਨ ਸਰਕਾਰ ਨੇ ਹਵਾਈ ਅੱਡਾ ਆਰਥਿਕ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਸੋਧ) ਬਿੱਲ, 2021, ਸੀਮਤ ਜ਼ਿੰਮੇਵਾਰੀ ਭਾਈਵਾਲੀ (ਸੋਧ) ਬਿੱਲ, 2021 ਅਤੇ ਜਮ੍ਹਾਂ ਬੀਮਾ ਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਸੋਧ) ਬਿੱਲ ਪਾਸ ਕਰਵਾ ਲਏ। ਹਵਾਈ ਅੱਡਾ ਆਰਥਿਕ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਸੋਧ) ਬਿੱਲ, 2021 ਲੋਕ ਸਭਾ ’ਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਬਿੱਲ ’ਤੇ ਸੰਖੇਪ ਬਹਿਸ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਵੱਲੋਂ ਦਿੱਤੇ ਸੰਖੇਪ ਜਵਾਬ ਮਗਰੋਂ ਇਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਉਪ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਮੋਬਾਈਲ ਫੋਨਾਂ ’ਤੇ ਸਦਨ ਦੀ ਕਾਰਵਾਈ ਰਿਕਾਰਡ ਨਾ ਕਰਨ ਕਿਉਂਕਿ ਇਹ ਰਾਜ ਸਭਾ ਦੇ ਨੇਮਾਂ ਖ਼ਿਲਾਫ਼ ਹੈ। -ਪੀਟੀਆਈ

ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ 183 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ 

ਨਵੀਂ ਦਿੱਲੀ: ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਦੱਸਿਆ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦਿੱਲੀ ਪੁਲੀਸ ਵੱਲੋਂ ਹੁਣ ਤੱਕ 183 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਹ ਸਾਰੇ ਹੁਣ ਜ਼ਮਾਨਤ ’ਤੇ ਹਨ। ਉਨ੍ਹਾਂ ਦੱਸਿਆ ਕਿ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਦਰਜ ਕਿਸੇ ਵੀ ਮਾਮਲੇ ਵਿੱਚ ਦੇਸ਼ਧ੍ਰੋਹ ਜਾਂ ਅਤਿਵਾਦੀ-ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਨੂੰ ਲਾਗੂ ਨਹੀਂ ਕੀਤਾ ਗਿਆ। ਗ੍ਰਹਿ ਰਾਜ ਮੰਤਰੀ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। -ਪੀਟੀਆਈ  

ਤ੍ਰਿਣਮੂਲ ਕਾਂਗਰਸ ਦੇ ਛੇ ਸੰਸਦ ਮੈਂਬਰ ਦਿਨ ਭਰ ਲਈ ਮੁਅੱਤਲ

ਨਵੀ ਦਿੱਲੀ: ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਅੱਜ ਪੈਗਾਸਸ ਜਾਸੂੁਸੀ ਮੁੱਦੇ ’ਤੇ ਹੋਰਨਾਂ ਸੰਸਦ ਮੈਂਬਰਾਂ ਨਾਲ ਬੈਨਰ ਫੜ ਕੇ ਪ੍ਰਦਰਸ਼ਨ ਕਰ ਰਹੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਛੇ ਸੰਸਦ ਮੈਂਬਰਾਂ ਨੂੰ ਪੂਰੇ ਦਿਨ ਲਈ ਸਦਨ ’ਤੋਂ ਮੁਅੱਤਲ ਕਰ ਦਿੱਤਾ। ਰਾਜ ਸਭਾ ਸਕੱਤਰੇਤ ਵੱਲੋਂ ਜਾਰੀ ਬੁਲੇਟਿਨ ’ਚ ਦੱਸਿਆ ਗਿਆ ਕਿ ਛੇ ਸੰਸਦ ਮੈਂਬਰਾਂ ਡੋਲਾ ਸੇਨ, ਮੁਹੰਮਦ ਨਦੀਮੁਲ ਹੱਕ, ਅਬੀਰ ਰੰਜਨ ਬਿਸਵਾਸ, ਸ਼ਾਂਤਾ ਛੇਤਰੀ, ਅਰਪਿਤਾ ਘੋਸ਼ ਅਤੇ ਮੌਸਮ ਨੂਰ ਨੂੰ ਦਿਨ ਭਰ ਲਈ ਸਦਨ ਤੋਂ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਜਦੋਂ ਸਦਨ ਦੀ ਕਾਰਵਾਈ ਸ਼ੁਰੂੁ ਹੋਈ ਤਾਂ ਟੀਐੱਮਸੀ ਅਤੇ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਤਖ਼ਤੀਆਂ ਲਹਿਰਾਉਂਦਿਆਂ ਸਭਾਪਤੀ ਦੇ ਆਸਣ ਸਾਹਮਣੇ ਆ ਗਏ ਅਤੇ ਪੈਗਾਸਸ ਸਪਾਈਵੇਅਰ ਰਾਹੀਂ ਵਿਰੋਧੀ ਨੇਤਾਵਾਂ, ਸਰਕਾਰ ਦੇ ਆਲੋਚਕਾਂ ਅਤੇ ਪੱਤਰਕਾਰਾਂ ਦੀ ਕਥਿਤ ਜਾਸੂਸੀ  ਦੇ ਮੁੱਦੇ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਸ੍ਰੀ ਨਾਇਡੂ ਨੇ ਸਦਨ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰਨ ਤੋਂ ਪਹਿਲਾਂ ਤਖ਼ਤੀਆਂ, ਜਿਨ੍ਹਾਂ ’ਤੇ ਸਰਕਾਰ ਵਿਰੋਧੀ ਨਾਅਰੇ ਲਿਖੇ ਹੋਏ ਸਨ, ਦਿਖਾਉਣ ਦਾ ਨੋਟਿਸ ਲਿਆ। ਉਨ੍ਹਾਂ ਨੇ ਪਹਿਲਾਂ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਲਈ ਕਿਹਾ ਅਤੇ ਫਿਰ ਤਖ਼ਤੀਆਂ ਦਿਖਾਉਣ ਵਾਲਿਆਂ ਖ਼ਿਲਾਫ਼ ਨਿਯਮ 255 ਵਰਤਣ ਦਾ ਡਰਾਵਾ ਵੀ ਦਿੱਤਾ। ਜਦੋਂ ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਨੇ ਸਭਾਪਤੀ ਦੀ ਗੱਲ ਨਾ ਮੰਨੀ ਤਾਂ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਸਦਨ ਤੋਂ ਬਾਹਰ ਜਾਣ ਲਈ ਕਿਹਾ। ਉਨ੍ਹਾਂ ਨੇ ਖ਼ੁਦ ਕਿਸੇ ਸੰਸਦ ਮੈਂਬਰ ਦਾ ਨਾਂ ਨਹੀਂ ਲਿਆ ਅਤੇ ਰਾਜ ਸਭਾ ਸਕੱਤਰੇਤ ਨੂੰ ਇਨ੍ਹਾਂ ਸੰਸਦ ਮੈਂਬਰਾਂ ਦੇ ਨਾਂ ਦੇਣ ਲਈ ਆਖਿਆ। ਰਾਜ ਸਭਾ ਸਕੱਤਰੇਤ ਵੱਲੋਂ ਬਾਅਦ ਵਿੱਚ ਜਾਰੀ ਬੁਲੇਟਿਨ ’ਚ ਉਕਤ ਮੁਅੱਤਲ ਕੀਤੇ ਸੰਸਦ ਮੈਂਬਰਾਂ ਦੇ ਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। -ਪੀਟੀਆਈ 

ਨਿੱਜੀ ਡੇਟਾ ਸੁਰੱਖਿਆ ਬਿੱਲ ਬਾਰੇ ਕਮੇਟੀ ਦੇ ਤਿੰਨ ਨਵੇਂ ਮੈਂਬਰ ਬਣੇ

ਨਵੀਂ ਦਿੱਲੀ: ਲੋਕ ਸਭਾ ਨੇ ਨਿੱਜੀ ਡੇਟਾ ਸੁਰੱਖਿਆ ਬਿੱਲ, 2019 ਬਾਰੇ ਸਾਂਝੀ ਕਮੇਟੀ ਦੇ ਤਿੰਨ ਨਵੇਂ ਮੈਂਬਰਾਂ ਦੀ ਨਿਯੁਕਤੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਕਿਸੇ ਵਿਅਕਤੀ ਦੇ ਡੇਟਾ ਦੀ ਵਰਤੋਂ ਨਿਯਮਤ ਕਰਨ ਦੀ ਮੰਗ ਬਾਰੇ ਕਮੇਟੀ ਵੱਲੋਂ ਬਿੱਲ ਦੀ ਪੜਤਾਲ ਕੀਤੀ ਜਾ ਰਹੀ ਹੈ। ਕਮੇਟੀ ’ਚ ਦਯਾਨਿਧੀ ਮਾਰਨ (ਡੀਐੱਮਕੇ), ਸਤਿਆ ਪਾਲ ਸਿੰਘ ਅਤੇ ਅਪਰਾਜਿਤਾ ਸਾਰੰਗੀ (ਭਾਜਪਾ) ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ’ਚੋਂ ਕਨਮੋੜੀ (ਡੀਐੱਮਕੇ) ਵੱਲੋਂ ਅਸਤੀਫ਼ਾ ਦੇਣ ਅਤੇ ਮੀਨਾਕਸ਼ੀ ਲੇਖੀ ਤੇ ਅਜੈ ਭੱਟ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਜਾਣ ਕਾਰਨ ਇਹ ਅਹੁਦੇ ਖਾਲੀ ਹੋਏ ਸਨ। ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਇਹ ਮਤਾ ਜ਼ੁਬਾਨੀ ਵੋਟਾਂ ਨਾਲ ਪ੍ਰਵਾਨ ਕਰ ਲਿਆ ਗਿਆ। -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All