ਨਵੀਂ ਦਿੱਲੀ, 22 ਸਤੰਬਰ
ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਵੱਲੋਂ ਮੌਜੂਦਾ ਮੌਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਰਾਜ ਸਭਾ ਦੀ ਕਾਰਵਾਈ ਦਾ ਬਾਈਕਾਟ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਮੁਅੱਤਲ ਕੀਤੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਮੁਅੱਤਲ ਕੀਤੇ ਸੰਸਦ ਮੈਂਬਰਾਂ ਵਿਚੋਂ ਇਕ ਰਾਜੀਵ ਸੱਤਵ ਨੇ ਕਿਹਾ, “ਵਿਰੋਧੀ ਧਿਰ ਇਸ ਸੈਸ਼ਨ ਵਿਚ ਉਪਰਲੇ ਸਦਨ ਦੀ ਕਾਰਵਾਈ ਦਾ ਬਾਈਕਾਟ ਕਰੇਗੀ।ਅਜਿਹੀ ਸਥਿਤੀ ਵਿੱਚ, ਅਸੀਂ ਧਰਨਾ ਖਤਮ ਕਰ ਦਿੱਤਾ ਹੈ। ਹੁਣ ਅਸੀਂ ਸੜਕ ‘ਤੇ ਅੰਦੋਲਨ ਕਰਾਂਗੇ।’ ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਵਿਰੋਧੀ ਧਿਰ ਉਦੋਂ ਤੱਕ ਕਾਰਵਾਈ ਦਾ ਬਾਈਕਾਟ ਕਰੇਗੀ ਜਦੋਂ ਤੱਕ ਕਿ ਸਦਨ ਦੇ 8 ਮੈਂਬਰਾਂ ਦੀ ਮੁਅੱਤਲੀ ਵਾਪਸ ਨਹੀਂ ਲਈ ਜਾਂਦੀ। ਇਸ ਤੋਂ ਪਹਿਲਾਂ ਅੱਜ ਸਵੇਰੇ ਉਪ ਚੇਅਰਮੈਨ ਹਰੀਵੰਸ਼ ਧਰਨੇ ’ਤੇ ਬੈਠੇ 8 ਸੰਸਦ ਮੈਂਬਰਾਂ ਲਈ ਚਾਹ ਲੈ ਕੇ ਪੁੱਜੇ। ਸੂਤਰਾਂ ਨੇ ਦੱਸਿਆ ਕਿ ਮੁਅੱਤਲ ਕੀਤੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿਚ ਸਥਿਤ ਮਹਾਤਮਾ ਗਾਂਧੀ ਦੀ ਬੁੱਤ ਸਾਹਮਣੇ ਲਾਅਨ ਵਿਚ ਰਾਤ ਬਤੀਤ ਕੀਤੀ। ਇਹ ਆਪਣੀ ਕਿਸਮ ਦਾ ਪਹਿਲਾ ਪ੍ਰਦਰਸ਼ਨ ਹੈ ਜੋ ਰਾਤ ਨੂੰ ਸੰਸਦ ਕੰਪਲੈਕਸ ਵਿੱਚ ਹੋਇਆ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਲ ਲੈ ਕੇ ਗਏ ਉਪ ਚੇਅਰਮੈਨ ਦੀ ਪ੍ਰੰਸ਼ਸਾ ਕੀਤੀ।