ਨਵੀਂ ਦਿੱਲੀ, 9 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਰਿਸ਼ੀ ਸੂਨਕ ਨੇ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਪ੍ਰਗਤੀ ਬਾਰੇ ਸਮੀਖਿਆ ਕੀਤੀ ਅਤੇ ਆਸ ਜਤਾਈ ਕਿ ਬਾਕੀ ਰਹਿੰਦੇ ਮੁੱਦਿਆਂ ਨੂੰ ਛੇਤੀ ਸੁਲਝਾ ਲਿਆ ਜਾਵੇਗਾ। ਇਥੇ ਜੀ-20 ਸਿਖਰ ਸੰਮੇਲਨ ਤੋਂ ਅੱਡ ਦੁਵੱਲੀ ਮੀਟਿੰਗ ਦੌਰਾਨ ਮੋਦੀ ਨੇ ਬਰਤਾਨੀਆ ਵੱਲੋਂ ਸਿਖਰ ਸੰਮੇਲਨ ਦੌਰਾਨ ਭਾਰਤ ਨੂੰ ਹਮਾਇਤ ਦੇਣ ਦੀ ਸ਼ਲਾਘਾ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਦੋਵੇਂ ਆਗੂਆਂ ਨੇ ਭਾਰਤ-ਬਰਤਾਨੀਆ ਵਿਆਪਕ ਰਣਨੀਤਕ ਭਾਈਵਾਲੀ ਤਹਿਤ ਵੱਖ ਵੱਖ ਖੇਤਰਾਂ ’ਚ ਦੁਵੱਲੇ ਸਹਿਯੋਗ ਦੀ ਪ੍ਰਗਤੀ ’ਤੇ ਤਸੱਲੀ ਜ਼ਾਹਿਰ ਕੀਤੀ। ਉਨ੍ਹਾਂ ਆਪਸੀ ਅਹਿਮੀਅਤ ਵਾਲੇ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰ ਵੀ ਪ੍ਰਗਟਾਏ। ਮੀਟਿੰਗ ਤੋਂ ਬਾਅਦ ਮੋਦੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਰਿਸ਼ੀ ਸੂਨਕ ਨਾਲ ਵਪਾਰ ਸਬੰਧਾਂ ਅਤੇ ਨਵਿੇਸ਼ ਵਧਾਉਣ ਜਿਹੇ ਮੁੱਦਿਆਂ ’ਤੇ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਬਰਤਾਨੀਆ ਖੁਸ਼ਹਾਲ ਅਤੇ ਸਥਿਰ ਧਰਤੀ ਲਈ ਕੰਮ ਕਰਦੇ ਰਹਿਣਗੇ। ਬਰਤਾਨੀਆ ’ਚ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸੂਨਕ ਅਤੇ ਮੋਦੀ ਦੀ ਮੀਟਿੰਗ ਦੌਰਾਨ ਰੱਖਿਆ ਤਕਨਾਲੋਜੀ ’ਚ ਸਹਿਯੋਗ, ਕਾਢਾਂ ਅਤੇ ਕੁਝ ਕੌਂਸੁਲਰ ਮੁੱਦਿਆਂ ਬਾਰੇ ਚਰਚਾ ਹੋਈ। ਤਰਜਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਮੋਦੀ ਨੂੰ ਸਫ਼ਲ ਜੀ-20 ਸਿਖਰ ਸੰਮੇਲਨ ਲਈ ਦੁਬਾਰਾ ਵਧਾਈ ਵੀ ਦਿੱਤੀ। ਸੂਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਐਤਵਾਰ ਨੂੰ ਦਿੱਲੀ ਦੇ ਅਕਸ਼ਰਧਾਮ ਮੰਦਰ ਦਾ ਦੌਰਾ ਕਰਨਗੇ। ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। -ਪੀਟੀਆਈ
ਮੋਦੀ ਅਤੇ ਕਿਸ਼ਿਦਾ ਵਿਚਕਾਰ ਦੁਵੱਲੀ ਮੀਟਿੰਗ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਪਾਨੀ ਹਮਰੁਤਬਾ ਫੁਮੀਓ ਕਿਸ਼ਿਦਾ ਨਾਲ ਵੀ ਦੁਵੱਲੀ ਮੀਟਿੰਗ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਜਪਾਨ ਸੰਪਰਕ, ਵਣਜ ਅਤੇ ਹੋਰ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਇੱਛੁਕ ਹਨ। ਮੋਦੀ ਨੇ ‘ਐਕਸ’ ’ਤੇ ਪੋਸਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਿਸ਼ਿਦਾ ਨਾਲ ਉਸਾਰੂ ਗੱਲਬਾਤ ਹੋਈ। ਦੋਵੇਂ ਆਗੂਆਂ ਨੇ ਭਾਰਤ-ਜਪਾਨ ਦੁਵੱਲੇ ਸਬੰਧਾਂ ਅਤੇ ਭਾਰਤ ਦੀ ਜੀ-20 ਤੇ ਜਪਾਨ ਦੀ ਜੀ-7 ਪ੍ਰਧਾਨਗੀ ਦੌਰਾਨ ਹੋਈ ਗੱਲਬਾਤ ਦਾ ਜਾਇਜ਼ਾ ਵੀ ਲਿਆ। -ਪੀਟੀਆਈ