Operation Sindhur ਨੇ ਫ਼ੌਜੀ ਸਮਰੱਥਾ ਦਿਖਾਈ: Rajnath
ਫ਼ੌਜ ਨੂੰ ਸੁਰੱਖਿਆ ਚੁਣੌਤੀਆਂ ਲਈ ਸਰਗਰਮ ਤਿਆਰੀ ਦਾ ਸੱਦਾ ਦਿੱਤਾ
ਅਪਰੇਸ਼ਨ ਸਿੰਧੂਰ ਦੀ ਪਹਿਲੀ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਰੱਖਿਆ ਮੰਤਰਾਲੇ ਨੇ ਅੱਜ ਇਸ ਨੂੰ ਭਾਰਤੀ ਸੈਨਾ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਅਤਿਵਾਦੀ ਸਮੂਹਾਂ ਅਤੇ ਉਨ੍ਹਾਂ ਦੇ ਆਗੂਆਂ ’ਤੇ ਫ਼ੈਸਲਾਕੁਨ ਹੱਲਾ ਬੋਲਣ ਦੀ ‘ਵਿਲੱਖਣ’ ਮਿਸਾਲ ਦੱਸਿਆ।
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੇ ‘ਹੌਸਲਾ’ ਦਿਖਾਉਂਦੇ ਹੋਏ ਅਤਿਵਾਦੀ ਢਾਂਚੇ ਨੂੰ ਤਬਾਹ ਕਰਨ ਦੀ ਸਮਰੱਥਾ ਦਿਖਾਈ ਹੈ। ਉਨ੍ਹਾਂ ਫ਼ੌਜ ਨੂੰ ਕਿਸੇ ਵੀ ਸੰਭਾਵੀ ਕੌਮੀ ਸੁਰੱਖਿਆ ਚੁਣੌਤੀ ਲਈ ‘ਸਰਗਰਮੀ ਨਾਲ ਤਿਆਰੀ’ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੇ ਪੂਰੀ ਦੁਨੀਆ ਨੂੰ ਭਾਰਤੀ ਫ਼ੌਜ ਦੀਆਂ ਸਮਰੱਥਾਵਾਂ ਦਾ ਅਹਿਸਾਸ ਕਰਵਾਇਆ ਹੈ। ਭਾਰਤ ਨੇ ਪਿਛਲੇ ਸਾਲ 22 ਅਪਰੈਲ ਨੂੰ ਹੋਏ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ 7 ਮਈ ਨੂੰ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ। ਰੱਖਿਆ ਮੰਤਰੀ ਨੇ ਕਿਹਾ, ‘‘ਸਾਡੇ ਸੈਨਿਕਾਂ ਨੇ ਅਤਿਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਜੋ ਫ਼ੈਸਲਾਕੁਨ ਜਵਾਬ ਦਿੱਤਾ। ਉਸ ਨਾਲ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ।’’

