ਅਪਰੇਸ਼ਨ ਸਿੰਧੂਰ ਨੇ ਰਾਸ਼ਟਰ ਨਿਰਮਾਣ ਦਾ ਸੁਨੇਹਾ ਦਿੱਤਾ: ਹਵਾਈ ਫ਼ੌਜ ਮੁਖੀ
ਐੱਨ ਸੀ ਸੀ ਕੈਡੇਟਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ
ਭਾਰਤੀ ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਅੱਜ ਅਪਰੇਸ਼ਨ ਸਿੰਧੂਰ ਦੌਰਾਨ ਐੱਨ ਸੀ ਸੀ ਕੈਡੇਟਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਫੌਜੀ ਕਾਰਵਾਈ ਨੇ ਇਸ ਸੁਨੇਹੇ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਜ਼ਿੰਦਗੀ ਸਿਰਫ਼ ਪੈਸਾ ਕਮਾਉਣ ਜਾਂ ਨਿੱਜੀ ਇੱਛਾਵਾਂ ਦੀ ਪੂਰਤੀ ਲਈ ਲਈ ਨਹੀਂ ਸਗੋਂ ਦੇਸ਼ ਵਾਸਤੇ ਕੁਝ ਕਰਨ ਲਈ ਵੀ ਹੈ।
ਦਿੱਲੀ ਛਾਉਣੀ ’ਚ ਚੱਲ ਰਹੇ ਐੱਨ ਸੀ ਸੀ ਦੇ ਗਣਤੰਤਰ ਦਿਵਸ ਕੈਂਪ ’ਚ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਹਵਾਈ ਫ਼ੌਜ ਮੁਖੀ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਰਹਿਣ ਭਾਵੇਂ ਉਹ ਬਾਅਦ ਵਿੱਚ ਹਥਿਆਰਬੰਦ ਬਲਾਂ ’ਚ ਸ਼ਾਮਲ ਹੋਣ ਜਾਂ ਕੋਈ ਹੋਰ ਪੇਸ਼ਾ ਅਪਣਾਉਣ। ਉਨ੍ਹਾਂ ਨਾਕਾਮੀਆਂ ਤੋਂ ਨਿਰਾਸ਼ ਨਾ ਹੋਣ ਅਤੇ ਕਿਸੇ ਵੀ ਅੜਿੱਕੇ ਤੋਂ ਹੋਰ ਵੀ ਮਜ਼ਬੂਤ ਹੋ ਕੇ ਉਭਰਨ ਦਾ ਸੱਦਾ ਦਿੱਤਾ ਤੇ ਸਿਖਰਲੇ ਅਹੁਦੇ ਤੱਕ ਪਹੁੰਚਣ ਦੀ ਆਪਣੀ ਯਾਤਰਾ ਦੀ ਮਿਸਾਲ ਦਿੱਤੀ।
ਉਨ੍ਹਾਂ ਨੂੰ ਵੀ ਆਪਣੇ ਜੀਵਨ ਤੇ ਕਰੀਅਰ ’ਚ ਨਾਕਾਮੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਹਵਾਈ ਫ਼ੌਜ ਦੇ ਮੁਖੀ ਦੇ ਅਹੁਦੇ ਤੱਕ ਪਹੁੰਚੇ ਅਤੇ ਕਿਹਾ ਕਿ ਇਹ ਉਨ੍ਹਾਂ ਦੀ ‘ਕਿਸਮਤ ’ਚ ਲਿਖਿਆ’ ਸੀ। ਉਨ੍ਹਾਂ ਕਿਹਾ, ‘‘ਇਸ ਲਈ ਤੁਸੀਂ ਭਾਵੇਂ ਵਰਦੀਧਾਰੀ ਸੈਨਿਕ ਹੋਵੋ ਜਾਂ ਫੌਜੀ ਲੀਡਰਸ਼ਿਪ ਨਾਲ ਜੁੜੇ ਅਧਿਕਾਰੀ ਜਾਂ ਫਿਰ ਆਮ ਨਾਗਰਿਕ ਹੀ ਕਿਉਂ ਨਾ ਹੋਵੋ, ਤੁਹਾਨੂੰ ਆਪਣਾ ਸਰਵੋਤਮ ਦੇਣਾ ਚਾਹੀਦਾ ਹੈ ਅਤੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ।’’

