Assam ’ਚ 59 ’ਚੋਂ ਸਿਰਫ਼ 7 ਔਰਤ ਉਮੀਦਵਾਰ ਜਿੱਤੀਆਂ
ਅੱਧੀ ਵੋਟ ਹਿੱਸੇਦਾਰੀ ਦੇ ਬਾਵਜੂਦ ਨੁਮਾਇੰਦਗੀ ਨਿਗੂਣੀ; ਐੱਨ ਡੀ ਏ ਦੀਆਂ 6 ਤੇ ਕਾਂਗਰਸ ਦੀ ਇੱਕ ਮਹਿਲਾ ਆਗੂ ਜਿੱਤੀ
ਅਸਾਮ ਦੀ 126 ਮੈਂਬਰੀ ਵਿਧਾਨ ਸਭਾ ਲਈ ਚੋਣ ਲੜਨ ਵਾਲੀਆਂ 59 ਔਰਤ ਉਮੀਦਵਾਰਾਂ ’ਚੋਂ ਸਿਰਫ਼ ਸੱਤ ਹੀ ਜਿੱਤ ਦਰਜ ਕਰ ਸਕੀਆਂ ਹਨ। ਇਹ ਅੰਕੜਾ 2021 ਦੇ ਨਤੀਜਿਆਂ ਦੇ ਬਰਾਬਰ ਹੀ ਹੈ। ਨਵੀਂ ਵਿਧਾਨ ਸਭਾ ਵਿੱਚ ਹਾਕਮ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਦੀਆਂ ਛੇ ਅਤੇ ਵਿਰੋਧੀ ਧਿਰ ਕਾਂਗਰਸ ਦੀ ਇੱਕ ਔਰਤ ਵਿਧਾਇਕ ਹੋਵੇਗੀ। ਸੂਬੇ ਦੇ ਕੁੱਲ 2.50 ਕਰੋੜ ਵੋਟਰਾਂ ’ਚੋਂ 49.98 ਫ਼ੀਸਦ ਔਰਤਾਂ ਹੋਣ ਦੇ ਬਾਵਜੂਦ ਵਿਧਾਨ ਸਭਾ ਵਿੱਚ ਔਰਤਾਂ ਦੀ ਨੁਮਾਇੰਦਗੀ ਨਾਂ ਬਰਾਬਰ ਹੀ ਹੈ।
ਐੱਨ ਡੀ ਏ ਨੇ 126 ਮੈਂਬਰੀ ਵਿਧਾਨ ਸਭਾ ਵਿੱਚ ਰਿਕਾਰਡ 102 ਸੀਟਾਂ ਜਿੱਤ ਕੇ ਦੋ-ਤਿਹਾਈ ਬਹੁਮਤ ਹਾਸਲ ਕੀਤਾ ਹੈ ਅਤੇ ਉਹ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਤਿਆਰ ਹੈ। ਇਸ ਵਾਰ ਭਾਜਪਾ ਦੀਆਂ ਮਹਿਲਾ ਵਿਧਾਇਕਾਂ ਦੀ ਗਿਣਤੀ ਤਿੰਨ ਤੋਂ ਵਧ ਕੇ ਚਾਰ ਹੋ ਗਈ ਹੈ; ਉਸ ਦੀਆਂ ਸਹਿਯੋਗੀ ਪਾਰਟੀਆਂ ਅਸਮ ਗਣ ਪਰਿਸ਼ਦ (ਏ ਜੀ ਪੀ) ਅਤੇ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐੱਫ) ਦੀ ਇੱਕ-ਇੱਕ ਉਮੀਦਵਾਰ ਜਿੱਤੀ ਹੈ।
ਜਿੱਤਣ ਵਾਲੀਆਂ ਪ੍ਰਮੁੱਖ ਉਮੀਦਵਾਰਾਂ ਵਿੱਚ ਸੂਬੇ ਦੀ ਵਿੱਤ ਮੰਤਰੀ ਅਜੰਤਾ ਨਿਓਗ ਸ਼ਾਮਲ ਹੈ, ਜਿਨ੍ਹਾਂ ਨੇ ਗੋਲਾਘਾਟ ਹਲਕੇ ਤੋਂ ਲਗਾਤਾਰ ਛੇਵੀਂ ਵਾਰ ਜਿੱਤ ਹਾਸਲ ਕੀਤੀ ਹੈ। ਸਭ ਤੋਂ ਵੱਧ 14 ਔਰਤਾਂ ਨੂੰ ਮੈਦਾਨ ਵਿੱਚ ਉਤਾਰਨ ਵਾਲੀ ਕਾਂਗਰਸ ਦੀ ਸਿਰਫ਼ ਇੱਕ ਉਮੀਦਵਾਰ ਬੇਬੀ ਬੇਗਮ ਹੀ ਜਿੱਤ ਸਕੀ ਹੈ। ਸੂਬਾਈ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਾਲ 2016 ਵਿੱਚ 91 ਔਰਤਾਂ ਨੇ ਚੋਣ ਲੜੀ ਸੀ, ਜੋ 2021 ਵਿੱਚ ਘਟ ਕੇ 74 ਅਤੇ ਇਸ ਵਾਰ ਸਿਰਫ਼ 59 ਰਹਿ ਗਈ ਹੈ।

