ਪਾਲੱਕੜ, 5 ਜੂਨ
ਕੇਰਲ ਵਿੱਚ ਇਕ ਗਰਭਵਤੀ ਜੰਗਲੀ ਮਾਦਾ ਹਾਥੀ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਣ ਵਿਭਾਗ ਨੇ ਟਵੀਟ ਕੀਤਾ, ‘ ਕੇਰਲ ਵਣ ਵਿਭਾਗ ਨੇ ਮਾਦਾ ਹਾਥੀ ਦੀ ਮੌਤ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ’ ਇਸ ਘਟਨਾ ਦੀ ਮੁਲਕ ਵਿੱਚ ਵੱਡੇ ਪੱਧਰ ’ਤੇ ਆਲੋਚਨਾ ਹੋਈ ਸੀ। ਇਸ ਮਾਮਲੇ ਵਿੱਚ ਤਿੰਨ ਕਥਿਤ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਦੋ ਹੋਰਨਾਂ ਦੀ ਭਾਲ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਮਾਦਾ ਹਾਥੀ ਨੇ ਪਟਾਖਿਆਂ ਨਾਲ ਭਰਿਆ ਅਨਾਨਾਸ ਖਾ ਲਿਆ ਸੀ ਜੋ ਉਸ ਦੇ ਮੂੰਹ ਵਿੱਚ ਫਟ ਗਿਆ ਤੇ ਇਕ ਹਫ਼ਤੇ ਮਗਰੋਂ ਉਸ ਦੀ ਵੇਲਿਆਰ ਨਦੀ ਵਿੱਚ ਮੌਤ ਹੋ ਗਈ।