ਨਵੀਂ ਦਿੱਲੀ, 30 ਨਵੰਬਰ
ਕੇਂਦਰ ਸਰਕਾਰ ਨੇ ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਸੁਰੱਖਿਆ ਲਈ ਇਹਤਿਆਤ ਵਜੋਂ ਦੇਸ਼ ਵਿੱਚ ਕਰੋਨਾ ਕੰਟੇਨਮੈਂਟ ਪਾਬੰਦੀਆਂ 31 ਦਸੰਬਰ ਤੱਕ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਕਰੋਨਾਵਾਇਰਸ ਦੇ ਇਸ ਨਵੇਂ ਸਰੂਪ ਤੋਂ ਬਚਾਅ ਲਈ ਲੰਘੇ ਦਿਨੀਂ ਕੌਮਾਂਤਰੀ ਯਾਤਰੀਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਨੇਮ ਮੰਗਲਵਾਰ ਰਾਤ ਤੋਂ ਅਮਲ ਵਿੱਚ ਆ ਗਏ ਹਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸੂਬਿਆਂ ਤੇ ਯੂਟੀਜ਼ ਨੂੰ 25 ਨਵੰਬਰ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਰਾਜਾਂ ਨੂੰ ਕੌਮਾਂਤਰੀ ਯਾਤਰੀਆਂ ਦੀ ਸਖ਼ਤੀ ਨਾਲ ਸਕਰੀਨਿੰਗ ਤੇ ਟੈਸਟਿੰਗ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਯਾਤਰੀਆਂ ਦੇ ਸੰਪਰਕ ’ਚ ਆਉਣ ਵਾਲੇ ਵਿਅਕਤੀਆਂ ਦੀ ਵੀ ਜਾਂਚ ਤੇ ਟੈਸਟਿੰਗ ਕੀਤੀ ਜਾਵੇ ਜਦਕਿ ਪਾਜ਼ੇਟਿਵ ਮਿਲਣ ਵਾਲੇ ਯਾਤਰੀਆਂ ਦੇ ਸੈਂਪਲ ਜਲਦੀ ਤੋਂ ਜਲਦੀ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਨੂੰ ਭੇਜੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਦੇ ਨਿਗਰਾਨ ਅਧਿਕਾਰੀ ਸਬੰਧਤ ਲੈਬਾਰਟਰੀਆਂ ਨਾਲ ਨੇੜਿਓਂ ਸਹਿਯੋਗ ਬਣਾ ਕੇ ਰੱਖਣ ਤੇ ਸਬੰਧਤ ਸਰੂਪ ਦੀ ਪੁਸ਼ਟੀ ਦੇ ਮਾਮਲੇ ਵਿੱਚ ਤੁਰੰਤ ਸੂਬੇ ਤੇ ਯੂਟੀਜ਼ ਜਨਤਕ ਪੱਧਰ ’ਤੇ ਲੋੜੀਂਦੇ ਕਦਮ ਚੁੱਕਣ। ਇਸ ਦੌਰਾਨ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ, ਕੌਮਾਂਤਰੀ ਯਾਤਰੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕਰਨ ਅਤੇ ਮੁੱਖ ਕੇਂਦਰਾਂ ਦੀ ਸਖ਼ਤੀ ਨਾਲ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਰਸ-ਕੋਵ-2 ਦੇ ਓਮੀਕਰੋਨ ਵੇਰੀਐਂਟ ਦੀ ਪਛਾਣ ਆਰਟੀ-ਪੀਸੀਆਰ ਤੇ ਆਰਏਟੀ ਟੈਸਟਾਂ ਰਾਹੀਂ ਆਸਾਨੀ ਨਾਲ ਸੰਭਵ ਹੈ। ਵੱਖ-ਵੱਖ ਮੁਲਕਾਂ ਵਿੱਚ ਕੋਵਿਡ- 19 ਦੇ ਓਮੀਕਰੋਨ ਸਰੂਪ ਦੇ ਕੇਸਾਂ ਦੀ ਜਾਣਕਾਰੀ ਮਿਲਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਵਿੱਚ ਕੋਵਿਡ- 19 ਸਬੰਧੀ ਜਨਤਕ ਪੱਧਰ ’ਤੇ ਇਸ ਨਵੇਂ ਰੂਪ ਨਾਲ ਨਜਿੱਠਣ ਦੇ ਢੰਗਾਂ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ। ਸ੍ਰੀ ਭੂਸ਼ਣ ਨੇ ਮੁੜ ਦੁਹਰਾਇਆ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਤੇ ਕੌਮਾਂਤਰੀ ਸਫ਼ਰ ਸਬੰਧੀ ਐਡਵਾਈਜ਼ਰੀਆਂ ਸੂਬਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਸੂਬਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਤੋਂ ਗੁਰੇਜ਼ ਕਰਨ ਅਤੇ ਮੁਲਕ ਵਿੱਚ ਵੱਖੋ-ਵੱਖਰੇ ਏਅਰਪੋਰਟਾਂ, ਬੰਦਰਗਾਹਾਂ ਤੇ ਜ਼ਮੀਨੀ ਸਰਹੱਦਾਂ ਰਾਹੀਂ ਦਾਖ਼ਲ ਹੋਣ ਵਾਲੇ ਕੌਮਾਂਤਰੀ ਯਾਤਰੀਆਂ ’ਤੇ ਸਖ਼ਤੀ ਨਾਲ ਨਿਗਰਾਨੀ ਰੱਖਣ ਲਈ ਕਿਹਾ। ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਅੱਜ ਸੰਸਦ ਵਿੱਚ ਦੱਸਿਆ ਕਿ ਮੁਲਕ ਵਿੱਚ ਓਮੀਕੋਰਨ ਵੇਰੀਐਂਟ ਦਾ ਕੋਈ ਵੀ ਕੇਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਰੂਪ ਦਾ ਮੁਲਕ ਵਿੱਚ ਦਾਖ਼ਲਾ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਆਲਮੀ ਪੱਧਰ ’ਤੇ ਵੱਖ-ਵੱਖ ਮੁਲਕਾਂ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਧਿਆਨ ’ਚ ਰੱਖਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। -ਪੀਟੀਆਈ
ਭਾਰਤ ਵਿੱਚ ਕਰੋਨਾ ਦੇ 6,990 ਕੇਸਾਂ ਦੀ ਪੁਸ਼ਟੀ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਅੱਜ ਕਰੋਨਾਵਾਇਰਸ ਦੇ 6,990 ਨਵੇਂ ਕੇਸ ਮਿਲੇ ਹਨ ਜੋ ਪਿਛਲੇ 551 ਦਿਨਾਂ ਵਿੱਚ ਸਭਾ ਤੋਂ ਘੱਟ ਹਨ ਜਿਸ ਨਾਲ ਮੁਲਕ ਵਿੱਚ ਇਸ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,45,87,822 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 1,00,543 ਰਹਿ ਗਈ ਹੈ ਜੋ ਪਿਛਲੇ 546 ਦਿਨਾਂ ਵਿੱਚ ਸਭ ਤੋਂ ਘੱਟ ਹੈ। ਅੱਜ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਅੱਜ ਕਰੋਨਾ ਕਾਰਨ 190 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮੁਲਕ ਵਿੱਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 4,68,980 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ ਕੁੱਲ ਕੇਸਾਂ ਦਾ 0.29 ਫ਼ੀਸਦੀ ਦਰਜ ਕੀਤੀ ਗਈ ਹੈ ਜੋ ਮਾਰਚ 2020 ਤੋਂ ਸਭ ਤੋਂ ਘੱਟ ਹੈ। -ਪੀਟੀਆਈ
ਓਮੀਕਰੋਨ ਤੋਂ ਕੁੱਲ ਆਲਮ ਨੂੰ ‘ਵੱਡਾ ਖ਼ਤਰਾ’: ਡਬਲਿਊਐੱਚਓ
ਜਨੇਵਾ: ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਤਾਜ਼ਾ ਸਬੂਤਾਂ ਮੁਤਾਬਕ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਤੋਂ ਕੁੱਲ ਆਲਮ ਨੂੰ ‘ਵੱਡਾ ਖ਼ਤਰਾ’ ਦਰਪੇਸ਼ ਹੈ। ਆਲਮੀ ਸੰਸਥਾ ਨੇ ਕਿਹਾ ਕਿ ਪਰਿਵਰਤਨਸ਼ੀਲ ਕਰੋਨਾਵਾਇਰਸ ਦੇ ਗੰਭੀਸ ਸਿੱਟੇ ਹੋ ਸਕਦੇ ਹਨ। ਯੂਐਨ ਦੀ ਸਿਹਤ ਏਜੰਸੀ ਵੱਲੋਂ ਕੀਤੀ ਇਹ ਸਮੀਖਿਆ ਮੈਂਬਰ ਮੁਲਕਾਂ ਨੂੰ ਜਾਰੀ ਕੀਤੀ ਗਈ ਹੈ। ਤਕਨੀਕੀ ਮੈਮੋਰੰਡਮ ਆਲਮੀ ਸਿਹਤ ਸੰਸਥਾ ਦੀ ਸਭ ਤੋਂ ਮਜ਼ਬੂਤ ਤੇ ਸਪਸ਼ਟ ਚਿਤਾਵਨੀ ਹੈ। ਡਬਲਿਊਐੱਚਓ ਨੇ ਇਹ ਚਿਤਾਵਨੀ ਅਜਿਹੇ ਮੌਕੇ ਜਾਰੀ ਕੀਤੀ ਹੈ ਜਦੋਂ ਹੁਣ ਕੁੱਲ ਆਲਮ ਵਿੱਚੋਂ ਕਰੋਨਾਵਾਇਰਸ ਦੇ ਇਸ ਨਵੇਂ ਸਰੂਪ ਦੇ ਕੇਸ ਰਿਪੋਰਟ ਹੋਣ ਲੱਗੇ ਹਨ। ਇਹਤਿਆਤ ਵਜੋਂ ਜਾਪਾਨ, ਇਜ਼ਰਾਈਲ, ਆਸਟਰੇਲੀਆ ਸਮੇਤ ਕੁਝ ਹੋਰਨਾਂ ਮੁਲਕਾਂ ਨੇ ਕੌਮਾਂਤਰੀ ਯਾਤਰੀਆਂ ਲਈ ਪਹਿਲਾਂ ਹੀ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਅਮਰੀਕਾ ਤੇ ਯੂਰਪੀਨ ਯੂਨੀਅਨ ਵਿੱਚ ਸ਼ਾਮਲ ਮੈਂਬਰ ਮੁਲਕਾਂ ਨੇ ਦੱਖਣੀ ਅਫਰੀਕਾ ਨਾਲ ਸਬੰਧਤ ਯਾਤਰੀਆਂ ਦੀ ਆਮਦ ’ਤੇ ਰੋਕ ਲਾ ਦਿੱਤੀ ਹੈ। ਆਲਮੀ ਸਿਹਤ ਸੰਸਥਾ ਨੇ ਕਿਹਾ ਕਿ ਓਮੀਕਰੋਨ ਸਰੂਪ ਨੂੰ ਲੈ ਕੇ ਅਜੇ ਕੁਝ ‘ਵਿਚਾਰਨਯੋਗ ਬੇਯਕੀਨੀਆਂ’ ਹਨ। ਸੰਸਥਾ ਨੇ ਕਿਹਾ ਕਿ ਮੁੱਢਲੇ ਸਬੂਤਾਂ ਤੋਂ ਇਸ ਨਵੇਂ ਸਰੂਪ ਦੇ ਪਰਿਵਰਤਨਸ਼ੀਲ ਹੋਣ ਦੀ ਸੰਭਾਵਨਾ ਦਾ ਪਤਾ ਲੱਗਾ ਹੈ, ਜੋ ਇਸ ਨੂੰ ਰੋਗ ਪ੍ਰਤੀਰੋਧਕ ਪ੍ਰਣਾਲੀ ਤੋਂ ਬਚਣ ਅਤੇ ਇਕ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੀ ਸਮਰਥਾ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਡਬਲਿਊਐੱਚਓ ਨੇ ਕਿਹਾ, ‘‘ਇਨ੍ਹਾਂ ਲੱਛਣਾਂ ਦੇ ਆਧਾਰ ’ਤੇ ਭਵਿੱਖ ਵਿੱਚ ਕੋਵਿਡ-19 ਦੇ ਮਾਮਲੇ ਵਧ ਸਕਦੇ ਹਨ, ਜਿਸ ਦੇ ਗੰਭੀਰ ਸਿੱਟੇ ਵੀ ਨਿਕਲ ਸਕਦੇ ਹਨ। ਇਹ ਕਈ ਕਾਰਕਾਂ ’ਤੇ ਮੁਨੱਸਰ ਕਰੇਗਾ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਮਾਮਲੇ ਕਿਸ ਥਾਂ ’ਤੇ ਵੱਧ ਰਹੇ ਹਨ। ਸਮੀਖਿਆ ਵਿੱਚ ਆਲਮੀ ਜੋਖ਼ਮ ਨੂੰ ਬਹੁਤ ਵੱਧ ਦੱਸਿਆ ਗਿਆ ਹੈ।’’ ਆਲਮੀ ਸੰਸਥਾ ਨੇ ਕਿਹਾ ਕਿ ਟੀਕਾਕਰਨ ਦੇ ਅਮਲ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। -ਏਪੀ