ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਓਲੰਪੀਅਨ ਸੁਸ਼ੀਲ ਕੁਮਾਰ ਕਤਲ ਦੇ ਕੇਸ ਵਿਚ ਨਾਂ ਸਾਹਮਣੇ ਆਉਣ ਤੋਂ ਬਾਅਦ ਕਥਿਤ ਤੌਰ ’ਤੇ ਫ਼ਰਾਰ ਦੱਸਿਆ ਜਾ ਰਿਹਾ ਹੈ। ਪਹਿਲਵਾਨ ਸਾਗਰ ਧਨਖੜ ਦੇ ਕਤਲ ਤੋਂ ਬਾਅਦ ਸੁਸ਼ੀਲ ਦੇ ਮੋਬਾਈਲ ਦੀ ਲੋਕੇਸ਼ਨ ਹੁਣ ਉੱਤਰਾਖੰਡ ਵਿਚ ਆ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਸੁਸ਼ੀਲ ਤੇ ਜੁਰਮ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਛਤਰਸਾਲ ਵਿਚ ਸੀਸੀਟੀਵੀ ਫੁਟੇਜ, ਗ੍ਰਿਫ਼ਤਾਰ ਪ੍ਰਿੰਸ ਦਲਾਲ ਤੇ ਜ਼ਖਮੀ ਪਹਿਲਵਾਨ ਅਮਿਤ ਤੇ ਸੋਨੂੰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਜੇ ਤੱਕ ਸਿਰਫ਼ ਅੱਠ-ਦਸ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਦੀ ਗਿਣਤੀ 20 ਤੋਂ ਵੱਧ ਸੀ। ਵੇਰਵਿਆਂ ਮੁਤਾਬਕ ਸਾਗਰ ਧਨਖੜ ਉੱਭਰਦਾ ਪਹਿਲਵਾਨ ਸੀ। ਉਸ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ’ਚ ਦੋ-ਤਿੰਨ ਵਾਰ ਹਿੱਸਾ ਲਿਆ ਹੈ। ਉਸ ਦੇ ਪਿਤਾ ਦਿੱਲੀ ਪੁਲੀਸ ਵਿਚ ਕਾਂਸਟੇਬਲ ਹਨ। ਸਾਗਰ ਦੇ ਕਤਲ ਦੇ ਮਾਮਲੇ ਵਿਚ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਮਾਡਲ ਸਟੇਸ਼ਨ ਪੁਲੀਸ ਨੇ ਪੀਸੀਆਰ ਦੇ ਅਧਾਰ ’ਤੇ ਥਾਣੇ ਵਿਚ ਦਾਇਰ ਕੀਤੀ ਡੀਡੀ ਐਂਟਰੀ ’ਤੇ ਕੇਸ ਦਰਜ ਕੀਤਾ ਹੈ। ਸਾਗਰ ਦੇ ਪਰਿਵਾਰ ਦਾ ਦੋਸ਼ ਹੈ ਕਿ ਇਸ ਨਾਲ ਮੁਲਜ਼ਮਾਂ ਨੂੰ ਲਾਭ ਹੋ ਸਕਦਾ ਹੈ।