ਮਸਕਟ ਨੇੜੇ ਤੇਲ ਟੈਂਕਰ ’ਤੇ ਹਮਲਾ; ਇੱਕ ਭਾਰਤੀ ਦੀ ਮੌਤ
ਧਮਾਕੇ ਕਾਰਨ ਇੰਜਣ ਰੂਮ ਵਿੱਚ ਲੱਗੀ ਅੱਗ, 21 ਹੋਰ ਕਰਮਚਾਰੀਆਂ ਨੂੰ ਸੁਰੱਖਿਅਤ ਕੱਢਿਆ
ਓਮਾਨ ਦੇ ਮਸਕਟ ਤੱਟ ਨੇੜੇ ਇੱਕ ਤੇਲ ਟੈਂਕਰ ’ਤੇ ਵਿਸਫੋਟਕਾਂ ਨਾਲ ਲੱਦੀ ਇੱਕ ਮਾਨਵ ਰਹਿਤ ਕਿਸ਼ਤੀ (unmanned boat) ਰਾਹੀਂ ਹਮਲਾ ਕੀਤਾ ਗਿਆ। ਓਮਾਨ ਦੇ ਰੱਖਿਆ ਮੰਤਰਾਲੇ ਅਨੁਸਾਰ MKD VYOM ਨਾਮਕ ਇਸ ਟੈਂਕਰ ’ਤੇ ਹੋਏ ਹਮਲੇ ਕਾਰਨ ਇੰਜਣ ਰੂਮ ਵਿੱਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ ਹੈ। ਜਹਾਜ਼ ’ਤੇ ਸਵਾਰ ਬਾਕੀ 21 ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚ 16 ਭਾਰਤੀ, 4 ਬੰਗਲਾਦੇਸ਼ੀ ਅਤੇ 1 ਯੂਕਰੇਨੀ ਨਾਗਰਿਕ ਸ਼ਾਮਲ ਹਨ।
ਇਸ ਤੋਂ ਪਹਿਲਾਂ ਐਤਵਾਰ ਨੂੰ ਵੀ Strait of Hormuz ਵਿੱਚ ਇੱਕ ਹੋਰ ਤੇਲ ਟੈਂਕਰ MV Skylight 'ਤੇ ਹਮਲਾ ਹੋਇਆ ਸੀ, ਜਿਸ ਵਿੱਚ ਚਾਰ ਕਰਮਚਾਰੀ ਜ਼ਖਮੀ ਹੋ ਗਏ ਸਨ। ਓਮਾਨ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਭਾਰਤੀ ਮਿਸ਼ਨ ਲਾਪਤਾ ਕਰਮਚਾਰੀਆਂ ਦੀ ਭਾਲ ਅਤੇ ਬਚਾਏ ਗਏ ਮੈਂਬਰਾਂ ਨੂੰ ਵਾਪਸ ਭਾਰਤ ਭੇਜਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸਮੁੰਦਰੀ ਰਸਤਾ ਤੇਲ ਦੀ ਸਪਲਾਈ ਲਈ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਰਸਤਿਆਂ ਵਿੱਚੋਂ ਇੱਕ ਹੈ, ਜਿੱਥੇ ਲਗਾਤਾਰ ਹਮਲੇ ਹੋ ਰਹੇ ਹਨ।

