DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ ਨਾਲ ਆਮ ਜ਼ਿੰਦਗੀ ਲੀਹੋਂ ਲੱਥੀ; ਸੈਂਕੜੇ ਸੜਕਾਂ ਆਵਾਜਾਈ ਲਈ ਬੰਦ

ਹਜ਼ਾਰਾਂ ਥਾਵਾਂ ’ਤੇ ਬਿਜਲੀ ਠੱਪ; ਮੈਕਲੌਡਗੰਜ ਤੇ ਨੇੜਲੇ ਇਲਾਕਿਆਂ ’ਚ ਬਰਫ਼ਬਾਰੀ ਨਾਲ ਪਾਰਾ ਡਿੱਗਿਆ, ਠੰਢ ਕਰਕੇ ਦੋ ਮੌਤਾਂ; 58 ਬੱਸ ਰੂਟ ਮੁਅੱਤਲ

  • fb
  • twitter
  • whatsapp
  • whatsapp
Advertisement

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਬਰਫ਼ਬਾਰੀ ਤੋਂ ਬਾਅਦ ਜਨਜੀਵਨ ਠੱਪ ਹੋ ਗਿਆ ਹੈ। ਰਾਜ ਭਰ ਵਿੱਚ ਸੈਂਕੜੇ ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ ਜਦੋਂ ਕਿ ਹਜ਼ਾਰਾਂ ਥਾਵਾਂ 'ਤੇ ਬਿਜਲੀ ਠੱਪ ਹੈ।

ਮੌਸਮ ਵਿਭਾਗ ਅਨੁਸਾਰ, ਮਨਾਲੀ ਨੇੜੇ ਕੋਠੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 105 ਸੈਂਟੀਮੀਟਰ ਬਰਫ਼ ਪਈ, ਜੋ ਕਿ ਰਾਜ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਲਾਹੌਲ ਅਤੇ ਸਪਿਤੀ ਦੇ ਗੋਂਡਲਾ ਵਿੱਚ 85 ਸੈਂਟੀਮੀਟਰ, ਸ਼ਿਮਲਾ ਜ਼ਿਲ੍ਹੇ ਦੇ ਕੇਲੋਂਗ ਵਿੱਚ 75 ਸੈਂਟੀਮੀਟਰ, ਖਦਰਾਲਾ ਵਿੱਚ 68.6 ਸੈਂਟੀਮੀਟਰ, ਕੁਫ਼ਰੀ ਵਿੱਚ 66 ਸੈਂਟੀਮੀਟਰ, ਮਨਾਲੀ ਵਿੱਚ 45.8 ਸੈਂਟੀਮੀਟਰ, ਸ਼ਿਲਾਰੂ 45 ਸੈਂਟੀਮੀਟਰ, ਕੁਕੁਮਸੇਰੀ 41.4 ਸੈਂਟੀਮੀਟਰ, ਜੋਤ 32 ਸੈਂਟੀਮੀਟਰ, ਹੰਸਾ 30 ਸੈਂਟੀਮੀਟਰ, ਸਾਂਗਲਾ 27.5 ਸੈਂਟੀਮੀਟਰ, ਸ਼ਿਮਲਾ 27 ਸੈਂਟੀਮੀਟਰ, ਭਰਮੌਰਅ 26 ਸੈਂਟੀਮੀਟਰ, ਕਲਪਾ 16.4 ਸੈਂਟੀਮੀਟਰ ਅਤੇ ਸਰਾਹਨ ਵਿੱਚ 11.5 ਸੈਂਟੀਮੀਟਰ ਬਰਫ਼ਬਾਰੀ ਹੋਈ।

Advertisement

ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਕਈ ਥਾਵਾਂ ’ਤੇ ਭਾਰੀ ਮੀਂਹ ਪਿਆ, ਜਿਸ ਵਿੱਚ ਮੰਡੀ ਜ਼ਿਲ੍ਹੇ ਦੇ ਧਰਮਪੁਰ ਵਿੱਚ 91.4 ਮਿਲੀਮੀਟਰ, ਸੋਲਨ 68.6 ਮਿਲੀਮੀਟਰ, ਕੰਡਾਘਾਟ 67 ਮਿਲੀਮੀਟਰ, ਊਨਾ 54.2 ਮਿਲੀਮੀਟਰ, ਪਾਲਮਪੁਰ ਅਤੇ ਨਗਰੋਟਾ ਸੂਰੀਆਂ ਵਿੱਚ 53.2 ਮਿਲੀਮੀਟਰ ਅਤੇ ਨਾਹਨ ਵਿੱਚ 51.9 ਮਿਲੀਮੀਟਰ ਮੀਂਹ ਪਿਆ।

Advertisement

ਰਾਜਧਾਨੀ ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਧਰਮਸ਼ਾਲਾ ਵਿੱਚ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਨਾਲੀ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 0.4 ਡਿਗਰੀ, ਕਾਂਗੜਾ 1.7 ਡਿਗਰੀ, ਮੰਡੀ 4.3 ਡਿਗਰੀ, ਸੋਲਨ 1.8 ਡਿਗਰੀ, ਬਿਲਾਸਪੁਰ 4.5 ਡਿਗਰੀ , ਹਮੀਰਪੁਰ 3 ਡਿਗਰੀ, ਕਲਪਾ ਮਨਫੀ 3.8 ਡਿਗਰੀ, ਸੁੰਦਰਨਗਰ 3.7 ਡਿਗਰੀ, ਭੂੰਤਰ 2.5 ਡਿਗਰੀ, ਨਾਹਨ 6.2 ਡਿਗਰੀ, ਪਾਉਂਟਾ ਸਾਹਿਬ 8 ਡਿਗਰੀ, ਕੁਫ਼ਰੀ ਮਨਫੀ 2.5 ਡਿਗਰੀ, ਨਾਰਕੰਡਾ ਮਨਫੀ 4.2 ਡਿਗਰੀ, ਰੇਕੋਂਗ ਪੀਓ 0.1 ਡਿਗਰੀ ਅਤੇ ਤਾਬੋ ਮਨਫੀ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕੁਕੁਮਸੇਰੀ ਰਾਜ ਦਾ ਸਭ ਤੋਂ ਠੰਡਾ ਸਥਾਨ ਸੀ ਕਿਉਂਕਿ ਇੱਥੇ ਘੱਟੋ-ਘੱਟ ਤਾਪਮਾਨ ਮਨਫੀ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਪਰ ਰਾਜ ਦੇ ਉੱਚੇ ਇਲਾਕਿਆਂ ਵਿੱਚ ਅੱਜ ਭਾਰੀ ਬਰਫ਼ਬਾਰੀ ਜਾਰੀ ਰਹੇਗੀ।

ਉਧਰ ਮੈਕਲੌਡਗੰਜ ਅਤੇ ਨੇੜਲੇ ਪਿੰਡਾਂ ਨੱਡੀ, ਧਰਮਕੋਟ ਅਤੇ ਭਾਗਸੂਨਾਗ ਵਿੱਚ ਸ਼ੁੱਕਰਵਾਰ ਰਾਤ ਨੂੰ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਖੇਤਰ ਦੇ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਕਾਂਗੜਾ ਜ਼ਿਲ੍ਹੇ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਇਸ ਦੌਰਾਨ ਅਤਿ ਦੀ ਠੰਢ ਕਰਕੇ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸ਼ੱਕ ਹੈ। ਬਰਫ਼ਬਾਰੀ ਕਰਕੇ ਸਰਕਾਰੀ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਤੇ ਜ਼ਿਲ੍ਹੇ ਵਿੱਚ 58 ਬੱਸ ਰੂਟ ਮੁਅੱਤਲ ਕਰ ਦਿੱਤੇ ਗਏ ਹਨ।

ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦੇ ਘਰ ਮੈਕਲੌਡਗੰਜ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ। ਧਰਮਕੋਟ ਵਿੱਚ ਕਰੀਬ 3 ਇੰਚ, ਨੱਡੀ ’ਚ ਲਗਪਗ 2 ਇੰਚ ਅਤੇ ਭਾਗਸੂਨਾਗ ਵਿੱਚ ਦੋ ਇੰਚ ਬਰਫ਼ਬਾਰੀ ਦਰਜ ਕੀਤੀ ਗਈ, ਜਦੋਂ ਕਿ ਮੈਕਲੌਡਗੰਜ ਦੇ ਕੁਝ ਹਿੱਸਿਆਂ ਵਿੱਚ ਇੱਕ ਤੋਂ ਦੋ ਇੰਚ ਬਰਫ਼ ਪਈ ਹੈ। ਧੌਲਾਧਾਰ ਪਹਾੜਾਂ ਦੀਆਂ ਉੱਚੀਆਂ ਟੀਸੀਆਂ ’ਤੇ ਸ਼ਨਿੱਚਰਵਾਰ ਸਵੇਰੇ ਬੱਦਲਵਾਈ ਵਾਲੇ ਮੌਸਮ ਦੌਰਾਨ ਬਰਫ਼ਬਾਰੀ ਜਾਰੀ ਰਹੀ।

ਬਰਫ਼ਬਾਰੀ ਕਾਰਨ ਧਰਮਸ਼ਾਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ, ਜਿਸ ਨਾਲ ਠੰਢ ਨੇ ਜ਼ੋਰ ਫੜ ਲਿਆ। ਮੈਕਲੌਡਗੰਜ ਅਤੇ ਧਰਮਸ਼ਾਲਾ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਬੰਦ ਹੋਣ ਦੀਆਂ ਰਿਪੋਰਟਾਂ ਆਈਆਂ, ਹਾਲਾਂਕਿ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਹੇਮਰਾਜ ਬੈਰਵਾ ਨੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਂਗੜਾ ਜ਼ਿਲ੍ਹੇ ਵਿੱਚ 58 ਸਰਕਾਰੀ ਬੱਸ ਰੂਟਾਂ ਨੂੰ ਖ਼ਰਾਬ ਮੌਸਮ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨਾਲ ਕਈ ਅੰਦਰੂਨੀ ਅਤੇ ਪਹਾੜੀ ਖੇਤਰਾਂ ਨਾਲ ਸੰਪਰਕ ’ਤੇ ਅਸਰ ਪਿਆ ਹੈ।

ਇਸ ਦੌਰਾਨ ਦਮਤਾਲ ਇਲਾਕੇ ਦੀ ਪੁਲੀਸ ਨੇ ਮੋਹਤਾਲੀ ਪੰਚਾਇਤ ਵਿੱਚ ਸੜਕ ਕੰਢਿਉਂ ਤੋਂ ਅੱਧਖੜ ਉਮਰ ਦੇ ਵਿਅਕਤੀ ਦੀ ਅਣਪਛਾਤੀ ਲਾਸ਼ ਬਰਾਮਦ ਕੀਤੀ। ਪੀੜਤ ਦੀ ਉਮਰ 40 ਤੋਂ 44 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਸ਼ੱਕ ਹੈ ਕਿ ਵਿਅਕਤੀ ਦੀ ਮੌਤ ਠੰਢ ਲੱਗਣ ਕਰਕੇ ਹੋਈ ਹੈ, ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਜਾਂਚ ਤੋਂ ਬਾਅਦ ਕੀਤੀ ਜਾਵੇਗੀ।

ਇੱਕ ਵੱਖਰੀ ਘਟਨਾ ਵਿੱਚ ਬਿਹਾਰ ਦਾ ਪਰਵਾਸੀ ਮਜ਼ਦੂਰ, ਜਿਸ ਦੀ ਪਛਾਣ ਭੋਲਾ ਪਾਸਵਾਨ ਵਜੋਂ ਹੋਈ ਹੈ, ਭਾਗਸੂਨਾਗ ਦੇ ਸਬਜ਼ੀ ਮੰਡੀ ਖੇਤਰ ਵਿੱਚ ਆਪਣੀ ਝੌਪੜੀ ਵਿੱਚ ਮ੍ਰਿਤਕ ਪਾਇਆ ਗਿਆ। ਉਸ ਦੀ ਮੌਤ ਠੰਢੇ ਮੌਸਮ ਕਾਰਨ ਹੋਣ ਦਾ ਸ਼ੱਕ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਧਰਮਸ਼ਾਲਾ ਦੇ ਜ਼ੋਨਲ ਹਸਪਤਾਲ ਵਿੱਚ ਰੱਖਿਆ ਗਿਆ ਹੈ।

Advertisement
×