Nobel Prize: ਬੈਲਜੀਅਮ ਦੇ ਫਰਾਂਸਿਸ ਹੈਲਜ਼ੇਨ ਨੂੰ ਭੌਤਿਕ ਵਿਗਿਆਨ ਦਾ ਨੋਬੇਲ
ਉੱਚ ੳੂਰਜਾ ਨਿੳੂਟ੍ਰਿਨੋ ਦੀ ਖੋਜ ਲਈ ਪੁਰਸਕਾਰ ਮਿਲਿਆ
ਬੈਲਜੀਅਮ ਮੂਲ ਦੇ ਵਿਗਿਆਨੀ ਫਰਾਂਸਿਸ ਹੈਲਜ਼ੇਨ ਨੂੰ ਅੱਜ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ‘ਆਈਸਕਿਊਬ ਨਿਊਟ੍ਰਿਨੋ ਅਬਜ਼ਰਵੇਟਰੀ’ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਐਸਟ੍ਰੋਫਿਜ਼ੀਕਲ ਓਰਿਜਨ ਵਾਲੇ ਉੱਚ ਊਰਜਾ ਨਿਊਟ੍ਰਿਨੋ ਦੀ ਖੋਜ ਲਈ ਦਿੱਤਾ ਗਿਆ ਹੈ।
ਭੌਤਿਕ ਵਿਗਿਆਨ ਲਈ ਨੋਬੇਲ ਕਮੇਟੀ ਦੇ ਚੇਅਰਮੈਨ ਮਾਰਕ ਪੀਅਰਜ਼ ਨੇ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਫਰਾਂਸਿਸ ਹੈਲਜ਼ੇਨ ਨੇ ਖੋਜਾਰਥੀਆਂ ਤੇ ਇੰਜਨੀਅਰਾਂ ਦੀ ਕੌਮਾਂਤਰੀ ਟੀਮ ਦੀ ਅਗਵਾਈ ਕੀਤੀ ਜਿਨ੍ਹਾਂ ਸਾਨੂੰ ਸ਼ਾਨਦਾਰ ਜ਼ਰੀਆ ਦਿੱਤਾ ਹੈ। ਉਨ੍ਹਾਂ ਦੀ ਲਗਨ ਤੇ ਵਿਗਿਆਨਕ ਨਜ਼ਰੀਏ ਨੇ ਨਵੇਂ ਤਰ੍ਹਾਂ ਦੇ ਪੁਲਾੜ ਸ਼ਾਸਤਰ ਦਾ ਰਾਹ ਪੱਧਰਾ ਕੀਤਾ ਹੈ।’’ ਹੈਲਜ਼ੇਨ ਨੇ ਕਿਹਾ ਕਿ ਅੱਜ ਇਟਲੀ ਤੋਂ ਫੋਨ ’ਤੇ ਕਮੇਟੀ ਨਾਲ ਗੱਲ ਕੀਤੀ ਹੈ। ਪਹਿਲਾਂ ਵੀ ਇਹ ਅਨੁਮਾਨ ਲਾਇਆ ਗਿਆ ਸੀ ਕਿ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਮਿਲੇਗਾ ਪਰ ਫਿਰ ਵੀ ਇਸ ਐਲਾਨ ਨਾਲ ਉਨ੍ਹਾਂ ਨੂੰ ‘ਵੱਖਰਾ’ ਜਿਹਾ ਮਹਿਸੂਸ ਹੋਇਆ ਹੈ। ਬੈਲਜੀਅਮ ’ਚ ਜਨਮੇ 82 ਸਾਲਾ ਵਿਗਿਆਨੀ ਅਮਰੀਕਾ ਦੀ ਵਿਸਕਾਨਸਿਨ-ਮੈਡੀਸਿਨ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ।
ਐਸੋਸੀਏਟਿਡ ਪ੍ਰੈੱਸ ਦਾ ਉਨ੍ਹਾਂ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ। ਵੈੱਬਸਾਈਟ ਅਨੁਸਾਰ, ‘‘ਆਈਸਕਿਊਬ ਨਿਊਟ੍ਰਿਨੋ ਅਬਜ਼ਰਵੇਟਰੀ ਅੰਟਾਰਟਿਕਾ ’ਚ ਦੱਖਣੀ ਧਰੁਵ ’ਤੇ ਸਥਿਤ ਖੋਜ ਸੰਸਥਾ ਹੈ ਅਤੇ ਵਿਸਕਾਨਸਿਨ-ਮੈਡੀਸਿਨ ਯੂਨੀਵਰਸਿਟੀ ਇਸ ਦੀ ਮੋਹਰੀ ਸੰਸਥਾ ਹੈ।’’ ਨਿਊਟ੍ਰਿਨੋ ਬਹੁਤ ਛੋਟੇ ਕੌਸਮਿਕ ਪਾਰਟੀਕਲਜ਼ ਹੁੰਦੇ ਹਨ ਜਿਨ੍ਹਾਂ ਦਾ ਪੁੰਜ ਬਹੁਤ ਹੀ ਘੱਟ ਹੁੰਦਾ ਹੈ ਪਰ ਫਿਰ ਵੀ ਉਹ ਹਰ ਥਾਂ ਮੌਜੂਦ ਹਨ।

