ਕੋਈ ‘ਗ਼ੈਰ ਗਾਂਧੀ’ ਹੀ ਬਣੇਗਾ ਕਾਂਗਰਸ ਪ੍ਰਧਾਨ : The Tribune India

ਕੋਈ ‘ਗ਼ੈਰ ਗਾਂਧੀ’ ਹੀ ਬਣੇਗਾ ਕਾਂਗਰਸ ਪ੍ਰਧਾਨ

ਅਸ਼ੋਕ ਗਹਿਲੋਤ ਨੇ ਰਾਹੁਲ ਗਾਂਧੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੱਤਾ

ਕੋਈ ‘ਗ਼ੈਰ ਗਾਂਧੀ’ ਹੀ ਬਣੇਗਾ ਕਾਂਗਰਸ ਪ੍ਰਧਾਨ

ਅਦਿੱਤੀ ਟੰਡਨ
ਨਵੀਂ ਦਿੱਲੀ, 23 ਸਤੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਅੱਜ ਸਾਫ਼ ਕਰ ਦਿੱਤਾ ਕਿ ਗਾਂਧੀ ਪਰਿਵਾਰ ਵਿੱਚੋਂ ਕੋਈ ਵੀ ਪਾਰਟੀ ਪ੍ਰਧਾਨ ਦੀ ਚੋਣ ਨਹੀਂ ਲੜੇਗਾ। ਇਹੀ ਨਹੀਂ ਰਾਹੁਲ ਨੇ ਗਹਿਲੋਤ ਨੂੰ ‘ਇਕ ਵਿਅਕਤੀ ਇਕ ਅਹੁਦਾ’ ਨੇਮ ਦਾ ਸਤਿਕਾਰ ਬਣਾਈ ਰੱਖਣ ਲਈ ਵੀ ਕਿਹਾ। ਰਾਹੁਲ ਦੇ ਇਸ ਬਿਆਨ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਕਾਂਗਰਸ ਦਾ ਪ੍ਰਧਾਨ ਕੋਈ ‘ਗ਼ੈਰ-ਗਾਂਧੀ’ ਬਣੇਗਾ। ਉਧਰ ਗਹਿਲੋਤ ਨੇ ਦਾਅਵਾ ਕੀਤਾ ਕਿ ਉਹ ਯਕੀਨੀ ਤੌਰ ’ਤੇ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜਨਗੇ। ਕੋਚੀ ਤੋਂ ਸ਼ਿਰਡੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਹਿਲੋਤ ਨੇ ਕਿਹਾ ਕਿ ਉਹ 26 ਸਤੰਬਰ ਤੋਂ ਬਾਅਦ ਕਦੇ ਵੀ ਨਵੀਂ ਦਿੱਲੀ ਜਾ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਹਨ। ਉਂਜ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ ਦਾ ਅਮਲ ਸ਼ਨਿਚਰਵਾਰ ਤੋਂ ਸ਼ੁਰੂ ਹੋ ਜਾਵੇਗਾ।

ਗਹਿਲੋਤ ਨੇ ਕਿਹਾ, ‘ਰਾਹੁਲ ਗਾਂਧੀ ਨੇ ਮੈਨੂੰ ਦੱਸਿਆ ਕਿ ਨਾ ਉਹ ਖੁ਼ਦ ਤੇ ਨਾ ਹੀ ਗਾਂਧੀ ਪਰਿਵਾਰ ਦਾ ਕੋਈ ਹੋਰ ਮੈਂਬਰ ਕਾਂਗਰਸ ਪ੍ਰਧਾਨ ਦੀ ਚੋਣ ਲੜੇਗਾ।’’ ਉਨ੍ਹਾਂ ਕਿਸੇ ‘ਗ਼ੈਰ-ਗਾਂਧੀ’ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ, ‘‘ਰਾਹੁਲ ਗਾਂਧੀ ਨੇ 2019 ਵਿੱਚ ਕਾਂਗਰਸ ਵਰਕਿੰਗ ਕਮੇਟੀ ਨੂੰ ਦੱਸਿਆ ਸੀ ਕਿ ਉਹ ਬਿਨਾਂ ਕਿਸੇ ਅਹੁਦੇ ਤੋਂ ਕੰਮ ਕਰਨਗੇ। ਉਹ ਪਾਰਟੀ ਦੇ ਕਹੇ ਮੁਤਾਬਕ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੀ ਉਸ ਗੱਲ ’ਤੇ ਕਾਇਮ ਹਨ ਤੇ ਆਪਣੀ ਪੂਰੀ ਤਾਕਤ ਨਾਲ ਕਾਂਗਰਸ ਲਈ ਕੰਮ ਕਰਨਗੇ। ਮੈਂ ਚੋਣ ਲੜ ਰਿਹਾ ਹਾਂ ਤੇ ਇਹ ਪੱਕਾ ਹੈ।’’

ਸੀਤਾਰਾਮ ਕੇਸਰੀ ਆਖਰੀ ‘ਗੈਰ-ਗਾਂਧੀ’ ਕਾਂਗਰਸੀ ਪ੍ਰਧਾਨ ਸਨ, ਜਿਨ੍ਹਾਂ 1997 ਵਿੱਚ ਸ਼ਰਦ ਪਵਾਰ ਤੇ ਰਾਜੇਸ਼ ਪਾਇਲਟ ਨੂੰ ਹਰਾਇਆ ਸੀ। ਕਾਂਗਰਸ ਵਰਕਿੰਗ ਕਮੇਟੀ ਵਿੱਚ ਪੇਸ਼ ਮਤੇ ਰਾਹੀਂ ਕੇਸਰੀ ਨੂੰ ਲਾਂਭੇ ਕਰਕੇ ਸੋਨੀਆ ਗਾਂਧੀ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਸ੍ਰੀਮਤੀ ਗਾਂਧੀ 1998 ਵਿੱਚ ਰਸਮੀ ਤੌਰ ’ਤੇ ਕਾਂਗਰਸ ਪ੍ਰਧਾਨ ਚੁਣੇ ਗਏ ਤੇ ਇਸ ਅਹੁਦੇ ’ਤੇ ਸਭ ਤੋਂ ਲੰਮਾ ਸਮੇਂ ਰਹੇ। ਸਾਲ 2017-2019 ਦੇ ਅਰਸੇ ਦੌਰਾਨ ਰਾਹੁਲ ਗਾਂਧੀ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਸੋਨੀਆ ਗਾਂਧੀ ਨੇ ਥੋੜ੍ਹੇ ਸਮੇਂ ਲਈ ਬ੍ਰੇਕ ਲਈ। ਰਾਹੁਲ ਗਾਂਧੀ ਦੇ ਅਸਤੀਫ਼ੇ ਮਗਰੋਂ ਸੋਨੀਆ ਗਾਂਧੀ ਨੇ ਅੰਤਰਿਮ ਪ੍ਰਧਾਨ ਵਜੋਂ ਵਾਪਸੀ ਕੀਤੀ।

ਉਧਰ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ 26 ਸਤੰਬਰ ਨੂੰ ਦਿੱਲੀ ਤੋਂ ਬਾਹਰ ਹੋਣਗੇ ਤੇ ਉਨ੍ਹਾਂ ਗਹਿਲੋਤ ਤੇ ਇਕ ਹੋਰ ਉਮੀਦਵਾਰ ਸ਼ਸ਼ੀ ਥਰੂਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਨਾਮਜ਼ਦਗੀਆਂ ਦਾ ਅਮਲ 24 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ 30 ਸਤੰਬਰ ਤੱਕ ਜਾਰੀ ਰਹੇਗਾ। ਨਾਮ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ ਜਦੋਂਕਿ ਵੋਟਾਂ 17 ਅਕਤੂੁਬਰ ਨੂੰ ਪੈਣਗੀਆਂ ਤੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ।

‘ਇਕ ਵਿਅਕਤੀ ਇਕ ਅਹੁਦਾ’ ਬਾਰੇ ਬਹਿਸ ਬੇਲੋੜੀ: ਗਹਿਲੋਤ

ਸ਼ਿਰਡੀ: ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰਨ ਵਾਲੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ‘ਇਕ ਵਿਅਕਤੀ ਇਕ ਅਹੁਦਾ’ ਬਾਰੇ ਬਹਿਸ ਨੂੰ ਬੇਲੋੜੀ ਕਰਾਰ ਦਿੱਤਾ ਹੈ। ਗਹਿਲੋਤ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤਕ ਪਿੱਤਰੀ ਰਾਜ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਹਿਲੋਤ ਨੇ ਕਿਹਾ ਕਿ ਰਾਜਸਥਾਨ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ ਬਾਰੇ ਉਨ੍ਹਾਂ ਦੇ ਬਿਆਨ ਦਾ ਗ਼ਲਤ ਅਰਥ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਅਫ਼ਵਾਹ ਹੈ ਕਿ ਉਹ ਰਾਜਸਥਾਨ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਇਨਕਾਰੀ ਹਨ। ਉਨ੍ਹਾਂ ਕਿਹਾ, ‘‘ਇਹ ਬਹਿਸ ਬੇਲੋੜੀ ਹੈ। ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਕਾਂਗਰਸ ਪ੍ਰਧਾਨ ਲਈ ਨਾਮਜ਼ਦਗੀ ਭਰਨ ਦੇ ਬਾਵਜੂਦ ਮੈਂ ਰਾਜਸਥਾਨ ਦਾ ਹੀ ਰਹਾਂਗਾ ਤੇ ਆਪਣੇ ਆਖਰੀ ਸਾਹਾਂ ਤੱਕ ਸੂਬੇ ਦੀ ਸੇਵਾ ਕਰਾਂਗਾ।’’ ਇਸ ਤੋਂ ਪਹਿਲਾਂ ਕੋਚੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਰਾਜਸਥਾਨ ਵਿੱਚ ਉਨ੍ਹਾਂ ਦਾ ਜਾਨਸ਼ੀਨ ਲਾਉਣ ਦਾ ਆਖਰੀ ਫੈਸਲਾ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਦੇ ਰਾਜਸਥਾਨ ਦੇ ਸਹਿ-ਇੰਚਾਰਜ ਅਜੈ ਮਾਕਨ ਵੱਲੋਂ ਲਿਆ ਜਾਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All