ਨਵੀਂ ਦਿੱਲੀ, 23 ਅਗਸਤ
ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਦਾ ਉੱਤਰ-ਪੂਰਬੀ ਜਾਂ ਕਿਸੇ ਹੋਰ ਖੇਤਰ ਨਾਲ ਸਬੰਧਤ ਸੰਵਿਧਾਨ ਦੇ ਕਿਸੇ ਪ੍ਰਬੰਧ ਨੂੰ ਛੇੜਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਨ੍ਹਾਂ ਅਜਿਹੇ ਖ਼ਦਸ਼ੇ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾਂ ਵਕੀਲ ਮਨੀਸ਼ ਤਿਵਾੜੀ ਨੇ ਕਿਹਾ ਕਿ ਅਜਿਹੇ ਖ਼ਦਸ਼ੇ ਹਨ ਕਿ ਜਿਵੇਂ ਧਾਰਾ 370 ਨੂੰ ਰੱਦ ਕੀਤਾ ਗਿਆ ਹੈ, ਉਸੇ ਤਰ੍ਹਾਂ ਉੱਤਰ-ਪੂਰਬੀ ਸੂਬਿਆਂ ਨਾਲ ਸਬੰਧਤ ਵਿਸ਼ੇਸ਼ ਪ੍ਰਬੰਧ ਨੂੰ ਵੀ ਖ਼ਤਮ ਕੀਤਾ ਜਾ ਸਕਦਾ ਹੈ। ਕਾਂਗਰਸ ਆਗੂ ਅਤੇ ਲੋਕ ਸਭਾ ਮੈਂਬਰ ਤਿਵਾੜੀ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਵਿਧਾਇਕ ਪੀ ਰਿਚੋ ਵੱਲੋਂ ਪੱਖ ਰੱਖ ਰਹੇ ਸਨ ਜਿਨ੍ਹਾਂ ਧਾਰਾ 370 ਨੂੰ ਖ਼ਤਮ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਕਈ ਅਰਜ਼ੀਆਂ ’ਚ ਦਖ਼ਲ ਦੇਣ ਲਈ ਅਰਜ਼ੀ ਦਿੱਤੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਮਹਿਤਾ ਨੇ ਤਿਵਾੜੀ ਨੂੰ ਟੋਕਦਿਆਂ ਕਿਹਾ,‘‘ਮੈਂ ਇਹ ਆਖਣ ਦੇ ਨਿਰਦੇਸ਼ ਹਨ। ਇਹ ਕਿਸੇ ਤਰ੍ਹਾਂ ਦੀ ਸ਼ਰਾਰਤ ਹੋ ਸਕਦੀ ਹੈ। ਕੋਈ ਸ਼ੱਕ ਨਹੀਂ ਹੈ ਅਤੇ ਖ਼ਦਸ਼ਾ ਪੈਦਾ ਕਰਨ ਦੀ ਲੋੜ ਨਹੀਂ ਹੈ।’’ ਤਿਵਾੜੀ ਨੇ ਕਿਹਾ ਕਿ ਸਾਬਕਾ ਸੂਬੇ ਜੰਮੂ ਕਸ਼ਮੀਰ ਲਈ ਧਾਰਾ 370 ਵਾਂਗ ਸੰਵਿਧਾਨ ਦੀ ਛੇਵੀਂ ਸੂਚੀ ’ਚ ਉੱਤਰ-ਪੂਰਬੀ ਸੂਬਿਆਂ ਲਈ ਵਿਸ਼ੇਸ਼ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ਵਾਂਗ ਛੋਟੇ ਖੇਤਰ ’ਚ ਵੀ ਇਸ ਦਾ ਅਸਰ ਪੈ ਸਕਦਾ ਹੈ। -ਪੀਟੀਆਈ