No Alcohol: ਸ਼ਰਾਬ ਮੁਕਤ ਵਿਆਹਾਂ ਨੂੰ ਹੁਣ ਹਿਮਾਚਲੀ ਹੁਲਾਰਾ
ਮੰਡੀ ਜ਼ਿਲ੍ਹੇ ਦੀ ਭਰੋਲਾ ਗ੍ਰਾਮ ਸਭਾ ਇਜਲਾਸ ’ਚ ਬੀ ਡੀ ਸੀ ਮੈਂਬਰ ਦੀ ਅਪੀਲ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਜੋਗਿੰਦਰਨਗਰ ਸਬ-ਡਿਵੀਜ਼ਨ ਅਧੀਨ ਆਉਂਦੀ ਭਰੋਲਾ ਪੰਚਾਇਤ ਵਿੱਚ ਸਮਾਜ ਸੁਧਾਰ ਦੀ ਪਹਿਲ ਕਰਦਿਆਂ ਵਿਲੱਖਣ ਅਪੀਲ ਕੀਤੀ ਗਈ। ਪੰਚਾਇਤ ’ਚ ਬਲਾਕ ਵਿਕਾਸ ਕਮੇਟੀ (ਬੀ ਡੀ ਸੀ) ਮੈਂਬਰ ਦਲੀਪ ਸਿੰਘ ਨੇ ਸ਼ਰਾਬ ਮੁਕਤ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਨਿੱਜੀ ਫੰਡ ਵਿੱਚੋਂ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਾ ਐਲਾਨ ਕੀਤਾ। ਇਹ ਐਲਾਨ ਗ੍ਰਾਮ ਸਭਾ ਦੀ ਬੈਠਕ ਦੌਰਾਨ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਪੰਚਾਇਤ ਪ੍ਰਧਾਨ ਸੰਜੇ ਜਾਮਵਾਲ ਨੇ ਕੀਤੀ, ਜਿਸ ਵਿੱਚ ਬੀ ਡੀ ਸੀ ਮੈਂਬਰ ਦਲੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਿੱਸਾ ਲਿਆ।
ਪ੍ਰਧਾਨ ਸੰਜੇ ਜਾਮਵਾਲ ਨੇ ਸਪੱਸ਼ਟ ਕੀਤਾ ਕਿ ਇਹ ਗ੍ਰਾਮ ਸਭਾ ਦਾ ਪ੍ਰਸਤਾਵ ਜਾਂ ਪੰਚਾਇਤ ਵੱਲੋਂ ਚਲਾਈ ਜਾ ਰਹੀ ਯੋਜਨਾ ਨਹੀਂ ਹੈ। ਇਹ ਐਲਾਨ ਬੀ ਡੀ ਸੀ ਮੈਂਬਰ ਨੇ ਆਪਣੇ ਪੱਧਰ ’ਤੇ ਕੀਤਾ ਹੈ ਤਾਂ ਜੋ ਲੋਕ ਵਿਆਹ ਸਮਾਗਮਾਂ ਵਿੱਚ ਸ਼ਰਾਬ ਪਰੋਸਣ ਦੀ ਰਵਾਇਤ ਛੱਡਣ ਲਈ ਪ੍ਰੇਰਿਤ ਹੋਣ। ਦਲੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਆਪਣੀ ਇੱਛਾ ਨਾਲ ਸ਼ਰਾਬ ਤੋਂ ਦੂਰ ਰਹਿ ਕੇ ਵਿਆਹ ਸਮਾਗਮ ਕਰਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਪਿੰਡਾਂ ਵਿੱਚ ਚੰਗੀਆਂ ਸਮਾਜਿਕ ਕਦਰਾਂ-ਕੀਮਤਾਂ ਮਜ਼ਬੂਤ ਕਰਨ ਵੱਲ ਇੱਕ ਕਦਮ ਹੈ। ਸਾਬਕਾ ਫੌਜੀ ਦਲੀਪ ਸਿੰਘ ਨੇ ਦੱਸਿਆ ਕਿ ਉਹ 11 ਹਜ਼ਾਰ ਰੁਪਏ ਦੀ ਰਕਮ ਆਪਣੀ ਪੈਨਸ਼ਨ ਵਿੱਚੋਂ ਦੇਣਗੇ। ਉਨ੍ਹਾਂ ਕਿਹਾ ਕਿ ਪੈਨਸ਼ਨ ਦਾ ਕੁਝ ਹਿੱਸਾ ਉਹ ਸਮਾਜਿਕ ਕਾਰਜਾਂ ਲਈ ਵਰਤਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਬੀ ਡੀ ਸੀ ਮੈਂਬਰ ਵਜੋਂ ਸਰਕਾਰ ਤੋਂ ਮਿਲਣ ਵਾਲਾ ਮਾਣਭੱਤਾ ਵੀ ਉਹ ਪੰਚਾਇਤ ਦੇ ਵਿਕਾਸ ਕਾਰਜਾਂ ’ਤੇ ਖਰਚ ਕਰਨਗੇ।
ਗ੍ਰਾਮ ਸਭਾ ਵਿੱਚ ਸਫ਼ਾਈ, ਲੋਕਾਂ ਦੀ ਸੁਰੱਖਿਆ ਅਤੇ ਪੰਚਾਇਤੀ ਪ੍ਰਬੰਧ ਨਾਲ ਸਬੰਧਤ ਕਈ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਪੰਚਾਇਤ ਖੇਤਰ ਵਿੱਚ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ’ਤੇ 1000 ਰੁਪਏ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਸਫ਼ਾਈ ਪ੍ਰਬੰਧ ਮਜ਼ਬੂਤ ਕਰਨ ਲਈ ਹਰ ਘਰ ਤੋਂ 100 ਰੁਪਏ ਫੀਸ ਲੈਣ ਦਾ ਵੀ ਐਲਾਨ ਕੀਤਾ ਗਿਆ। ਬੈਠਕ ਵਿੱਚ ਵਿਆਹ, ਜਨਮ ਅਤੇ ਹੋਰ ਸ਼ੁਭ ਮੌਕਿਆਂ ’ਤੇ ਕਿੰਨਰ ਭਾਈਚਾਰੇ ਨੂੰ ਦਿੱਤੀ ਜਾਣ ਵਾਲੀ ਰਵਾਇਤੀ ਰਕਮ 1100 ਤੋਂ 2100 ਰੁਪਏ ਦੇ ਵਿਚਕਾਰ ਰੱਖਣ ਦੀ ਗੱਲ ਕਹੀ ਗਈ। ਇਸ ਤੋਂ ਇਲਾਵਾ ਪੰਚਾਇਤ ਖੇਤਰ ਵਿੱਚ ਕੰਮ ਕਰਨ ਵਾਲੇ ਰੇਹੜੀ-ਫੜ੍ਹੀ ਵਾਲਿਆਂ ਅਤੇ ਦੁਕਾਨਦਾਰਾਂ ਲਈ ਪੁਲੀਸ ਤਸਦੀਕ ਅਤੇ ਵੇਚੇ ਜਾ ਰਹੇ ਸਾਮਾਨ ਦੇ ਵੈਧ ਬਿੱਲ ਰੱਖਣੇ ਲਾਜ਼ਮੀ ਕੀਤੇ ਗਏ। ਪੰਚਾਇਤ ਵੱਲੋਂ ਐੱਨ ਓ ਸੀ ਜਾਰੀ ਕਰਨ ਲਈ 100 ਰੁਪਏ ਫੀਸ ਵੀ ਤੈਅ ਕੀਤੀ ਗਈ।
ਬੈਠਕ ਦੀ ਸ਼ੁਰੂਆਤ ਪੰਚਾਇਤ ਦੇ ਵਿਕਾਸ ਕਾਰਜਾਂ, ਸਾਲਾਨਾ ਆਮਦਨ-ਖਰਚ ਅਤੇ ਪਿਛਲੇ ਕਾਰਜਕਾਲ ਦੇ ਵਿੱਤੀ ਵੇਰਵਿਆਂ ਦੀ ਪੇਸ਼ਕਾਰੀ ਨਾਲ ਹੋਈ; ਹਾਲਾਂਕਿ ਬੈਠਕ ਵਿੱਚ ਕਈ ਲੋਕ ਹਿੱਤ ਮੁੱਦਿਆਂ ’ਤੇ ਵਿਚਾਰ ਚਰਚਾ ਹੋਈ, ਪਰ ਸ਼ਰਾਬ ਮੁਕਤ ਵਿਆਹਾਂ ਲਈ 11 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਹੀ ਮੁੱਖ ਆਕਰਸ਼ਣ ਰਿਹਾ, ਜਿਸ ਦੀ ਪਿੰਡ ਵਾਸੀਆਂ ਨੇ ਸ਼ਲਾਘਾ ਕੀਤੀ।

